HomePunjabMalerkotlaਨਿਰਾਸ਼ਾ ਦੇ ਪਲਾਂ ’ਚ ਪੁਲਿਸ ਬਣੀ ਹਮਦਰਦ ਸਾਥੀ; ਡੀ.ਐਸ.ਪੀ. ਅਮਰਗੜ੍ਹ ਦੀ ਕਾਊਂਸਲਿੰਗ...

ਨਿਰਾਸ਼ਾ ਦੇ ਪਲਾਂ ’ਚ ਪੁਲਿਸ ਬਣੀ ਹਮਦਰਦ ਸਾਥੀ; ਡੀ.ਐਸ.ਪੀ. ਅਮਰਗੜ੍ਹ ਦੀ ਕਾਊਂਸਲਿੰਗ ਨੇ ਵਿਅਕਤੀ ਨੂੰ ਮੁੜ ਜੀਵਨ ਪ੍ਰਤੀ ਕੀਤਾ ਆਸਵੰਦ

• ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਪੁਲਿਸ ਦਾ ਮਕਸਦ ਸਿਰਫ਼ ਕਾਨੂੰਨ ਦੀ ਰਾਖੀ ਨਹੀਂ, ਮੁਸ਼ਕਲ ਵੇਲੇ ਲੋਕਾਂ ਦਾ ਸਹਾਰਾ ਬਣਨਾ ਵੀ: ਡੀ.ਐਸ.ਪੀ.
• ਮਨ ’ਤੇ ਬੋਝ ਹੋਵੇ ਜਾਂ ਕੋਈ ਜਾਇਜ਼ ਸਮੱਸਿਆ—ਘਬਰਾਉਣ ਦੀ ਥਾਂ ਪੁਲਿਸ ਨਾਲ ਕਰੋ ਸੰਪਰਕ, ਹਰ ਸੰਭਵ ਸਹਾਇਤਾ ਲਈ ਅਸੀਂ ਤੁਹਾਡੇ ਨਾਲ ਹਾਂ

ਅਮਰਗੜ੍ਹ/ਮਾਲੇਰਕੋਟਲਾ: ਪੁਲਿਸ ਅਤੇ ਆਮ ਲੋਕਾਂ ਵਿਚਕਾਰ ਭਰੋਸੇ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਦੀ ਇੱਕ ਸੰਵੇਦਨਸ਼ੀਲ ਪਹਿਲ ਤਹਿਤ ਡੀ.ਐਸ.ਪੀ. ਅਮਰਗੜ੍ਹ ਸੰਜੀਵ ਕਪੂਰ ਵੱਲੋਂ ਜੀਵਨ ਪ੍ਰਤੀ ਨਿਰਾਸ਼ ਹੋਏ ਇੱਕ ਵਿਅਕਤੀ ਦੀ ਕਾਊਂਸਲਿੰਗ ਕਰਕੇ ਉਸ ਨੂੰ ਮੁੜ ਸਕਾਰਾਤਮਕ ਸੋਚ ਨਾਲ ਜੀਵਨ ਵੱਲ ਪਰਤਣ ਲਈ ਹੌਸਲਾ ਦਿੱਤਾ ਗਿਆ।

ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਮਾਮਲੇ ਦਾ ਨੋਟਿਸ ਲੈਂਦਿਆਂ ਪੁਲਿਸ ਵੱਲੋਂ ਸਬੰਧਤ ਵਿਅਕਤੀ ਨਾਲ ਸੰਪਰਕ ਕੀਤਾ ਗਿਆ। ਡੀ.ਐਸ.ਪੀ. ਨੇ ਉਸ ਦੀ ਗੱਲ ਧੀਰਜ ਅਤੇ ਹਮਦਰਦੀ ਨਾਲ ਸੁਣੀ ਅਤੇ ਉਸ ਨੂੰ ਸਮਝਾਇਆ ਕਿ ਕਿਸੇ ਵੀ ਔਖੀ ਘੜੀ ਵਿੱਚ ਨਿਰਾਸ਼ਾ ਨੂੰ ਆਪਣੇ ਉੱਤੇ ਹਾਵੀ ਕਰਨ ਦੀ ਬਜਾਏ ਪਰਿਵਾਰ, ਦੋਸਤਾਂ ਅਤੇ ਸਬੰਧਤ ਸੰਸਥਾਵਾਂ ਤੋਂ ਸਹਾਇਤਾ ਲੈਣੀ ਚਾਹੀਦੀ ਹੈ। ਸਮੇਂ ਸਿਰ ਕੀਤੀ ਗੱਲਬਾਤ ਅਤੇ ਸਹੀ ਮਾਰਗਦਰਸ਼ਨ ਮੁਸ਼ਕਲ ਹਾਲਾਤ ਵਿੱਚ ਨਵਾਂ ਰਾਹ ਦਿਖਾ ਸਕਦੇ ਹਨ।

ਡੀ.ਐਸ.ਪੀ. ਨੇ ਕਿਹਾ ਕਿ ਐਸ.ਐਸ.ਪੀ. ਮਾਲੇਰਕੋਟਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਲੋਕਾਂ ਵਿੱਚ ਸੁਰੱਖਿਆ ਦੇ ਨਾਲ ਭਰੋਸੇ ਦਾ ਅਹਿਸਾਸ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਪੁਲਿਸ ਦਾ ਦਰਵਾਜ਼ਾ ਆਮ ਨਾਗਰਿਕ ਲਈ ਖੁੱਲ੍ਹਾ ਹੈ ਅਤੇ ਕਿਸੇ ਵੀ ਜਾਇਜ਼ ਸਮੱਸਿਆ ਨੂੰ ਲੈ ਕੇ ਪੁਲਿਸ ਤੱਕ ਪਹੁੰਚਣ ਤੋਂ ਘਬਰਾਉਣ ਦੀ ਲੋੜ ਨਹੀਂ।

ਉਨ੍ਹਾਂ ਕਿਹਾ ਕਿ ਪੁਲਿਸ ਦੀ ਵਰਦੀ ਦਾ ਅਰਥ ਕੇਵਲ ਕਾਨੂੰਨ ਲਾਗੂ ਕਰਨਾ ਨਹੀਂ, ਸਗੋਂ ਸੰਕਟ ਵਿੱਚ ਫਸੇ ਵਿਅਕਤੀ ਦੀ ਗੱਲ ਸੁਣਨਾ, ਉਸ ਨੂੰ ਹੌਸਲਾ ਦੇਣਾ ਅਤੇ ਕਾਨੂੰਨ ਦੇ ਦਾਇਰੇ ਵਿੱਚ ਸੰਭਵ ਸਹਾਇਤਾ ਦਾ ਰਾਹ ਦਿਖਾਉਣਾ ਵੀ ਹੈ। ਲੋਕ ਬਿਨਾਂ ਕਿਸੇ ਝਿਜਕ ਆਪਣੀਆਂ ਜਾਇਜ਼ ਸਮੱਸਿਆਵਾਂ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।

ਡੀ.ਐਸ.ਪੀ. ਨੇ ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਜ਼ਿੰਦਗੀ ਵਿੱਚ ਆਉਣ ਵਾਲੀ ਕੋਈ ਵੀ ਮੁਸ਼ਕਲ ਜ਼ਿੰਦਗੀ ਨਾਲੋਂ ਵੱਡੀ ਨਹੀਂ ਹੁੰਦੀ। ਔਖੇ ਸਮੇਂ ਇਕੱਲੇ ਰਹਿਣ ਦੀ ਬਜਾਏ ਆਪਣਿਆਂ ਨਾਲ ਗੱਲ ਸਾਂਝੀ ਕਰੋ ਅਤੇ ਲੋੜ ਪੈਣ ’ਤੇ ਪੇਸ਼ੇਵਰ ਸਹਾਇਤਾ ਲਵੋ।
ਉਨ੍ਹਾਂ ਕਿਹਾ ਕਿ “ਪੁਲਿਸ ਤੋਂ ਦੂਰੀ ਨਹੀਂ, ਸੰਵਾਦ ਬਣਾਓ; ਤੁਹਾਡੀ ਗੱਲ ਸੁਣਨਾ ਵੀ ਸਾਡੀ ਜ਼ਿੰਮੇਵਾਰੀ ਹੈ।” ਇਸੇ ਮਨੁੱਖੀ ਅਤੇ ਲੋਕ-ਪੱਖੀ ਪਹੁੰਚ ਨਾਲ ਪੁਲਿਸ ਤੇ ਨਾਗਰਿਕਾਂ ਦਰਮਿਆਨ ਵਿਸ਼ਵਾਸ ਦੀ ਸਾਂਝ ਹੋਰ ਮਜ਼ਬੂਤ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments