ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਦੇਰ ਰਾਤ 2:55 ਵਜੇ EOS-05 ਇਮੇਜਿੰਗ ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ। ਸੈਟੇਲਾਈਟ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ GSLV-F17 ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ।
ਜੀਓਸਿੰਕ੍ਰੋਨਸ ਔਰਬਿਟ ਵਿੱਚ ਭੇਜਿਆ ਗਿਆ ਸੈਟੇਲਾਈਟ
EOS-05 ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਹੈ ਜਿਸ ਨੂੰ ਜੀਓਸਿੰਕ੍ਰੋਨਸ ਔਰਬਿਟ ਵਿੱਚ ਭੇਜਿਆ ਗਿਆ ਹੈ। ਇਸ ਸੈਟੇਲਾਈਟ ਦਾ ਭਾਰ ਲਗਭਗ 2,367 ਕਿਲੋਗ੍ਰਾਮ ਹੈ।
ਲਗਭਗ 36,000 ਕਿਲੋਮੀਟਰ ਦੀ ਉਚਾਈ ਤੋਂ EOS-05 ਭਾਰਤ ਅਤੇ ਇਸਦੇ ਆਲੇ-ਦੁਆਲੇ ਦੇ ਵੱਡੇ ਖੇਤਰਾਂ ਦੀਆਂ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਲੈਣ ਵਿੱਚ ਸਮਰੱਥ ਹੋਵੇਗਾ। ਇਸ ਰਾਹੀਂ ਪਾਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ ਸਮੇਤ ਕਈ ਮਹੱਤਵਪੂਰਨ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ।
ਇਸ ਤੋਂ ਇਲਾਵਾ ਸੈਟੇਲਾਈਟ ਦੀਆਂ ਤਸਵੀਰਾਂ ਅਤੇ ਡਾਟਾ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।
ਇਸਰੋ ਦਾ ਇਸ ਸਾਲ 6 ਹੋਰ ਮਿਸ਼ਨਾਂ ਦਾ ਟੀਚਾ
ਇਸਰੋ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਸੰਸਥਾ ਨੇ ਇਸ ਸਾਲ ਹੋਰ 6 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ ਹੈ। EOS-05 ਦੀ ਸਫਲ ਲਾਂਚਿੰਗ ਇਸਰੋ ਲਈ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।
ਦੱਸਿਆ ਗਿਆ ਹੈ ਕਿ ਲਗਭਗ 8 ਮਹੀਨਿਆਂ ਬਾਅਦ ਇਸਰੋ ਵੱਲੋਂ ਕੋਈ ਮਿਸ਼ਨ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ 2026 ਅਤੇ ਮਾਰਚ 2025 ਵਿੱਚ ਇਸਰੋ ਦੇ ਦੋ ਲਾਂਚ ਮਿਸ਼ਨ ਸਫਲ ਨਹੀਂ ਹੋ ਸਕੇ ਸਨ। ਹੁਣ EOS-05 ਦੀ ਸਫਲ ਲਾਂਚਿੰਗ ਨਾਲ ਇਸਰੋ ਦੇ ਅਗਲੇ ਮਿਸ਼ਨਾਂ ਲਈ ਵੀ ਉਮੀਦਾਂ ਵਧੀਆਂ ਹਨ।






