Thursday, September 3, 2026
Home Patiala Updates ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਕਾਰਜ ਅਕਤੂਬਰ...

ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਕਾਰਜ ਅਕਤੂਬਰ ਤੱਕ ਹੋਵੇਗਾ ਮੁਕੰਮਲ: ਬਲਤੇਜ ਸਿੰਘ ਪੰਨੂ

0
2
-ਕਿਹਾ, ਮੰਦਿਰ ਦੇ ਨਵੀਨੀਕਰਨ ਦੀ ਕਾਰ ਸੇਵਾ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਲੈ ਰਹੇ ਹਨ ਜਾਇਜ਼ਾ
 
-ਨਵੀਨੀਕਰਨ ਦੀ ਕਾਰ ਸੇਵਾ ਮੁਕੰਮਲ ਹੋਣ ਉਪਰੰਤ ਮੰਦਿਰ ਦੀ ਨਵੀਂ ਤੇ ਨਿਵੇਕਲੀ ਤਸਵੀਰ ਸਾਹਮਣੇ ਆਵੇਗੀ- ਪੰਨੂ

ਪਟਿਆਲਾ: ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਅੱਜ ਇੱਥੇ ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੰਦਿਰ ਸਲਾਹਕਾਰੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੀਏ ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਸਮੇਤ ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੀ ਮੌਜੂਦ ਸਨ।

ਬਲਤੇਜ ਸਿੰਘ ਪੰਨੂ ਨੇ ਚੱਲ ਰਹੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਪ੍ਰਗਤੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਕਾਰ ਸੇਵਾ ਦਾ ਜਾਇਜ਼ਾ ਲੈ ਰਹੇ ਹਨ ਅਤੇ ਲੋਕ ਨਿਰਮਾਣ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕਰਦੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਮੰਦਿਰ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਹ ਸਾਰੇ ਵਿਕਾਸ ਕਾਰਜ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲਏ ਜਾਣਗੇ, ਇਸ ਉਪਰੰਤ ਮੰਦਿਰ ਦੀ ਨਵੀਂ ਤੇ ਨਿਵੇਕਲੀ ਤਸਵੀਰ ਸਾਹਮਣੇ ਆਵੇਗੀ।

ਪੰਨੂ ਨੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਮੰਦਿਰ ਵਿੱਚ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਪੁਰਾਤਨ ਮੰਦਿਰ ਹੈ ਅਤੇ ਇਸ ਦੀ ਬਹੁਤ ਵੱਡੀ ਮਾਨਤਾ ਹੈ, ਇੱਥੇ ਭਗਤਾਂ ਦੀਆਂ ਲੰਮੀਆਂ ਲਾਈਨਾਂ ਲੱਗਦੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪਖਾਨਿਆਂ ਤੋਂ ਲੈ ਕੇ ਬੈਠਣ, ਪੀਣ ਵਾਲੇ ਪਾਣੀ, ਲੰਗਰ ਅਤੇ ਸੁਰੱਖਿਆ ਦੀ ਕੀਤੇ ਜਾ ਰਹੇ ਇੰਤਜਾਮਾਂ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਕਾਰਜ ਸ਼ਰਧਾਲੂਆਂ ਦੀ ਆਸਥਾ, ਸੁਵਿਧਾ ਅਤੇ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦਿਆਂ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਸ਼੍ਰੀ ਕਾਲੀ ਮਾਤਾ ਮੰਦਿਰ ਨਾ ਸਿਰਫ਼ ਪੰਜਾਬ ਜਾਂ ਭਾਰਤ, ਸਗੋਂ ਦੁਨੀਆਂ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇੱਕ ਵੱਡਾ ਆਕਰਸ਼ਣ ਦਾ ਕੇਂਦਰ ਬਣ ਕੇ ਉੱਭਰੇਗਾ। ਇਸ ਨਾਲ ਇਲਾਕੇ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਬਲਤੇਜ ਸਿੰਘ ਪੰਨੂ ਨੇ ਮੰਦਿਰ ਸਲਾਹਕਾਰ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਦੇ ਨਾਲ ਓਐਸਡੀ ਗੁਰਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸਿਮਰਨ ਗਰੇਵਾਲ ਅਤੇ ਹੋਰ ਆਗੂ ਵੀ ਮੌਜੂਦ ਸਨ।
****
ਫੋਟੋ ਕੈਪਸ਼ਨ- ਬਲਤੇਜ ਸਿੰਘ ਪੰਨੂ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ। ਉਨ੍ਹਾਂ ਦੇ ਨਾਲ ਐਡਵਾਈਜਰੀ ਕਮੇਟੀ ਮੈਂਬਰ ਅਤੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੀ ਨਜ਼ਰ ਆ ਰਹੇ ਹਨ।

LEAVE A REPLY

Please enter your comment!
Please enter your name here