Thursday, September 3, 2026
Home National ਜਨਮ ਸ਼ਤਾਬਦੀ ਮੌਕੇ ਪੀਐਮ ਮੋਦੀ ਨੇ ਮਹਾਨ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ...

ਜਨਮ ਸ਼ਤਾਬਦੀ ਮੌਕੇ ਪੀਐਮ ਮੋਦੀ ਨੇ ਮਹਾਨ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਸ਼ਰਧਾਂਜਲੀ

0
4

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲੀ ਫਿਲਮਾਂ ਦੇ ਮਹਾਨ ਅਦਾਕਾਰ ਉੱਤਮ ਕੁਮਾਰ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਉੱਤਮ ਕੁਮਾਰ ਦੀ ਸਦਾਬਹਾਰ ਅਦਾਕਾਰੀ ਅੱਜ ਵੀ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ।

ਉੱਤਮ ਕੁਮਾਰ ਦਾ ਅਸਲ ਨਾਮ ਅਰੁਣ ਕੁਮਾਰ ਚਟੋਪਾਧਿਆਏ ਸੀ। ਉਨ੍ਹਾਂ ਦਾ ਜਨਮ 3 ਸਤੰਬਰ 1926 ਨੂੰ ਹੋਇਆ ਸੀ ਅਤੇ 24 ਜੁਲਾਈ 1980 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉੱਤਮ ਕੁਮਾਰ ਇੱਕ ਅਨੁਭਵੀ ਅਦਾਕਾਰ ਅਤੇ ਮੈਗਾਸਟਾਰ ਸਨ, ਜਿਨ੍ਹਾਂ ਦੀ ਸਦਾਬਹਾਰ ਅਦਾਕਾਰੀ ਨੇ ਕਈ ਪੀੜ੍ਹੀਆਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ 30 ਅਗਸਤ ਨੂੰ ਪ੍ਰਸਾਰਿਤ ਹੋਏ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਇੱਕ ਹਿੱਸਾ ਵੀ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਨੇ ਉੱਤਮ ਕੁਮਾਰ ਨੂੰ ਬਹੁਮੁਖੀ ਕਲਾਕਾਰ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਬਣਾਇਆ।

‘ਨਾਇਕ’ ਫਿਲਮ ਦਾ ਵੀ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨੇ ਉੱਤਮ ਕੁਮਾਰ ਦੀ ਮਸ਼ਹੂਰ ਫਿਲਮ ‘ਨਾਇਕ’ (The Hero) ਦਾ ਜ਼ਿਕਰ ਕਰਦਿਆਂ ਕਿਹਾ ਕਿ ਫਿਲਮ ਪ੍ਰੇਮੀਆਂ ਦਾ ਮੰਨਣਾ ਹੈ ਕਿ ਮਹਾਨ ਫਿਲਮ ਨਿਰਦੇਸ਼ਕ ਸਤਿਆਜੀਤ ਰੇਅ ਨੇ ਇਸ ਫਿਲਮ ਦੀ ਸਕ੍ਰਿਪਟ ਉੱਤਮ ਕੁਮਾਰ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ।

ਮੋਦੀ ਨੇ ਦੱਸਿਆ ਕਿ ਸਤਿਆਜੀਤ ਰੇਅ ਨੇ ਉੱਤਮ ਕੁਮਾਰ ਦੀ ਅਦਾਕਾਰੀ ਵਿੱਚ ਮੌਜੂਦ ਅਦਭੁਤ ਭਾਵਨਾਤਮਕ ਡੂੰਘਾਈ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਕਿਹਾ ਕਿ ਉੱਤਮ ਕੁਮਾਰ ਆਪਣੇ ਕਿਰਦਾਰਾਂ ਨੂੰ ਜੀਵੰਤ ਬਣਾਉਣ ਲਈ ਸਖ਼ਤ ਮਿਹਨਤ ਕਰਦੇ ਸਨ ਅਤੇ ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਪਰਉਪਕਾਰੀ ਸੁਭਾਅ ਲਈ ਵੀ ਜਾਣੇ ਜਾਂਦੇ ਸਨ।

‘ਕਦੇ ਹਾਰ ਨਾ ਮੰਨੋ’ ਦਾ ਦਿੱਤਾ ਸੰਦੇਸ਼

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਮ ਕੁਮਾਰ ਦੀ ਜ਼ਿੰਦਗੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਦੀਆਂ ਸ਼ੁਰੂਆਤੀ ਫਿਲਮਾਂ ਸਫਲ ਨਹੀਂ ਰਹੀਆਂ, ਪਰ ਉਨ੍ਹਾਂ ਨੇ ਆਪਣਾ ਧਿਆਨ ਕੰਮ ’ਤੇ ਕੇਂਦਰਿਤ ਰੱਖਿਆ। ਇਸੇ ਸਮਰਪਣ ਨੇ ਉਨ੍ਹਾਂ ਨੂੰ ਸਿਨੇਮਾ ਦੀਆਂ ਵੱਡੀਆਂ ਉਚਾਈਆਂ ਤੱਕ ਪਹੁੰਚਾਇਆ।

ਮੋਦੀ ਨੇ ਕੋਲਕਾਤਾ ਵਿੱਚ ਇੱਕ ਰੋਡ ਸ਼ੋਅ ਦੌਰਾਨ ਉੱਤਮ ਕੁਮਾਰ ਦੇ ਘਰ ਦੇ ਨੇੜਿਓਂ ਲੰਘਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਮਰਹੂਮ ਅਦਾਕਾਰ ਦੀ ਤਸਵੀਰ ਤੋਹਫ਼ੇ ਵਜੋਂ ਦਿੱਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਮਹਾਨ ਅਦਾਕਾਰ ਉੱਤਮ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ।

 

LEAVE A REPLY

Please enter your comment!
Please enter your name here