Thursday, September 3, 2026
Home Punjab Malerkotla ਰੋਲ ਆਬਜ਼ਰਵਰ ਨੇ ਡਿਪਟੀ ਕਮਿਸ਼ਨਰ, ਈ.ਆਰ.ਓਜ਼ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ...

ਰੋਲ ਆਬਜ਼ਰਵਰ ਨੇ ਡਿਪਟੀ ਕਮਿਸ਼ਨਰ, ਈ.ਆਰ.ਓਜ਼ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਸਮੀਖਿਆ ਮੀਟਿੰਗ

0
6

ਮਾਲੇਰਕੋਟਲਾ, 2 ਸਤੰਬਰ:

ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ : ਗੁਰਪ੍ਰੀਤ ਸਿੰਘ ਖਹਿਰਾ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਨੂੰ ਸੁਚੱਜੇ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ. ਨੂੰ ਮਾਲੇਰਕੋਟਲਾ ਜ਼ਿਲ੍ਹੇ ਲਈ ਰੋਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼), 105-ਮਾਲੇਰਕੋਟਲਾ ਅਤੇ 106-ਅਮਰਗੜ੍ਹ ਵਿਧਾਨ ਸਭਾ ਹਲਕਿਆਂ ਦੇ ਲੋਕ ਪ੍ਰਤੀਨਿਧੀਆਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਰੋਲ ਆਬਜ਼ਰਵਰ ਨੇ ਐਸ.ਆਈ.ਆਰ.-2026 ਦੇ ਨੋਟਿਸ ਪੜਾਅ, ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ, ਉਨ੍ਹਾਂ ਦੇ ਨਿਪਟਾਰੇ ਅਤੇ ਵੋਟਰ ਸੂਚੀਆਂ ਦੀ ਤਸਦੀਕ ਸਬੰਧੀ ਹੁਣ ਤੱਕ ਹੋਈ ਕਾਰਵਾਈ ਦਾ ਜਾਇਜ਼ਾ ਲਿਆ।
ਰੋਲ ਆਬਜਰਵਰ ਗੁਰਪ੍ਰੀਤ ਸਿੰਘ ਖਹਿਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਆਈ.ਆਰ. ਦਾ ਮੁੱਖ ਮੰਤਵ ਸਹੀ, ਸ਼ੁੱਧ ਅਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਅਯੋਗ ਵਿਅਕਤੀ ਦਾ ਨਾਮ ਸੂਚੀ ਵਿੱਚ ਸ਼ਾਮਿਲ ਨਾ ਹੋਵੇ।
ਉਨ੍ਹਾਂ ਦੱਸਿਆ ਕਿ 6 ਸਤੰਬਰ 2026 ਨੂੰ ਜ਼ਿਲ੍ਹੇ ਦੇ ਸਮੂਹ 406 ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਬੀ.ਐਲ.ਏਜ਼ ਨੂੰ ਇਨ੍ਹਾਂ ਕੈਂਪਾਂ ਬਾਰੇ ਜਾਣੂ ਕਰਵਾਉਣ। ਇਸ ਦਿਨ ਸਾਰੇ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਮੌਜੂਦ ਰਹਿ ਕੇ ਵੋਟਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਗੁਰਪ੍ਰੀਤ ਸਿੰਘ ਖਹਿਰਾ  ਨੇ ਕਿਹਾ ਕਿ ਵੋਟਰ ਕਾਰਡ, ਵੋਟਰ ਸੇਵਾਵਾਂ ਜਾਂ ਐਸ.ਆਈ.ਆਰ. ਪ੍ਰਕਿਰਿਆ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਸਥਾਪਤ ਹੈਲਪਡੈਸਕ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ 13 ਅਗਸਤ ਤੋਂ 31 ਅਗਸਤ 2026 ਤੱਕ ਵੱਖ-ਵੱਖ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਫਾਰਮ-6, ਫਾਰਮ-6ਏ, ਫਾਰਮ-7 ਅਤੇ ਫਾਰਮ-8 ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ 1 ਅਕਤੂਬਰ 2026 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਨਵੀਂ ਵੋਟ ਬਣਵਾਉਣ ਲਈ ਯੋਗ ਨਾਗਰਿਕ 12 ਸਤੰਬਰ ਤੱਕ ਫਾਰਮ-6 ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਇਸੇ ਤਰ੍ਹਾਂ ਐਨ.ਆਰ.ਆਈ. ਵੋਟਰਾਂ ਲਈ ਫਾਰਮ-6ਏ, ਨਾਮ ਕਟਵਾਉਣ ਲਈ ਫਾਰਮ-7 ਅਤੇ ਵੋਟਰ ਸੂਚੀ ਵਿੱਚ ਸੋਧ ਜਾਂ ਪਤਾ ਬਦਲਣ ਲਈ ਫਾਰਮ-8 ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਹ ਫਾਰਮ ਆਨਲਾਈਨ voters.eci.gov.in ਅਤੇ ECINET ਮੋਬਾਈਲ ਐਪ ਰਾਹੀਂ ਵੀ ਭਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ। ਰੋਲ ਆਬਜ਼ਰਵਰ ਨੇ ਈ.ਆਰ.ਓਜ਼ ਨੂੰ ਹਦਾਇਤ ਕੀਤੀ ਕਿ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀ ਸਿਖਲਾਈ ਦਿੱਤੀ ਜਾਵੇ। ਉਨ੍ਹਾਂ  ਫਾਰਮ-6 ਰਾਹੀਂ ਦਰਜ ਹੋਣ ਵਾਲੀਆਂ ਨਵੀਆਂ ਵੋਟਾਂ ਅਤੇ ਫਾਰਮ-7 ਰਾਹੀਂ ਹਟਾਏ ਜਾਣ ਵਾਲੇ ਨਾਮਾਂ ਦੀ ਪ੍ਰਤੀਸ਼ਤਤਾ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਅਤੇ ਵੱਧ ਨਵੀਆਂ ਵੋਟਾਂ ਜਾਂ ਵੱਧ ਕਟੌਤੀਆਂ ਵਾਲੇ ਪੋਲਿੰਗ ਸਟੇਸ਼ਨਾਂ ਦੀ ਮੁੜ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੋਟਿਸ ਪੜਾਅ ਦੌਰਾਨ ਮੈਪਿੰਗ ਤੋਂ ਵਾਂਝੇ ਰਹੇ 7240 ਵੋਟਰਾਂ ਅਤੇ ਹੋਰ ਕਮੀਆਂ-ਪੇਸ਼ੀਆਂ ਵਾਲੇ 50264 ਵੋਟਰਾਂ ਸਬੰਧੀ ਜਾਰੀ ਕੀਤੇ ਜਾ ਰਹੇ ਕੁੱਲ 57503 ਨੋਟਿਸਾਂ ਦੀ ਕਾਰਵਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਬੰਧਤ ਵੋਟਰਾਂ ਤੋਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਕੇ ਨੋਟਿਸਾਂ ਦੀ ਸੁਣਵਾਈ ਅਤੇ ਨਿਪਟਾਰਾ ਨਿਰਧਾਰਤ ਸਮਾਂ-ਸੀਮਾ ਅੰਦਰ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਵਿੱਚ ਐਸ.ਆਈ.ਆਰ.-2026 ਤਹਿਤ ਚੱਲ ਰਹੀ ਕਾਰਵਾਈ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ.ਆਈ.ਆਰ. ਦੀ ਪ੍ਰਕਿਰਿਆ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

LEAVE A REPLY

Please enter your comment!
Please enter your name here