ਯਮੁਨਾਨਗਰ: ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਕਾਲੇਸਰ ਦੀ ਸਾਂਝੀ ਟੀਮ ਨੇ ਨਾਗਲਪੱਟੀ ਖੇਤਰ ਵਿੱਚ ਕਾਰਵਾਈ ਕਰਦਿਆਂ ਖੈਰ ਦੀ ਲੱਕੜ ਨਾਲ ਭਰੀ ਮਹਿੰਦਰਾ ਬੋਲੈਰੋ ਪਿਕਅੱਪ ਜ਼ਬਤ ਕੀਤੀ ਹੈ। ਵਾਹਨ ਵਿੱਚੋਂ ਕਰੀਬ 16 ਕੁਇੰਟਲ ਵਜ਼ਨ ਦੇ ਛਿੱਲੇ ਹੋਏ ਖੈਰ ਦੇ 52 ਟੁਕੜੇ ਬਰਾਮਦ ਕੀਤੇ ਗਏ ਹਨ। ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਜੰਗਲਾਤ ਐਕਟ ਅਤੇ ਜੰਗਲੀ ਜੀਵ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਭਾਗ ਮੁਤਾਬਕ ਸੋਮਵਾਰ ਦੁਪਹਿਰ ਕਰੀਬ 3 ਵਜੇ ਸੂਚਨਾ ਮਿਲੀ ਸੀ ਕਿ ਨਾਗਲਪੱਟੀ ਵਾਸੀ ਅਮਜਦ ਪੁੱਤਰ ਸਲੀਮ ਦੇ ਘਰ ਵੱਡੀ ਮਾਤਰਾ ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਖੈਰ ਦੀ ਲੱਕੜ ਸਟੋਰ ਕੀਤੀ ਗਈ ਹੈ। ਸੂਚਨਾ ਮਿਲਣ ਤੋਂ ਕਰੀਬ ਅੱਧੇ ਘੰਟੇ ਬਾਅਦ ਸਾਂਝੀ ਟੀਮ ਮੌਕੇ ’ਤੇ ਪਹੁੰਚੀ ਅਤੇ ਛਾਪੇਮਾਰੀ ਕੀਤੀ। ਇਸ ਦੌਰਾਨ HR 58 B 6011 ਨੰਬਰ ਦੀ ਬੋਲੈਰੋ ਪਿਕਅੱਪ ਲੱਕੜ ਨਾਲ ਭਰੀ ਹੋਈ ਮਿਲੀ।
ਵਾਹਨ ਦੀ ਤਲਾਸ਼ੀ ਦੌਰਾਨ ਛਿੱਲੇ ਹੋਏ ਖੈਰ ਦੇ 52 ਟੁਕੜੇ ਬਰਾਮਦ ਹੋਏ। ਵਿਭਾਗ ਦੀ ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਗਿਆ ਹੈ ਕਿ ਇਹ ਲੱਕੜ ਜੰਗਲ ਵਿੱਚੋਂ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਕੱਟ ਕੇ ਇੱਥੇ ਲਿਆਂਦੀ ਗਈ ਸੀ। ਹੁਣ ਅਧਿਕਾਰੀ ਇਸ ਦੀ ਪੂਰੀ ਸਪਲਾਈ ਚੇਨ ਅਤੇ ਲੱਕੜ ਕੱਟਣ ਵਾਲੇ ਸਥਾਨ ਦੀ ਜਾਂਚ ਕਰ ਰਹੇ ਹਨ।
ਮੁੱਢਲੀ ਜਾਂਚ ਅਤੇ ਬਰਾਮਦ ਲੱਕੜ ਦੀ ਤੁਲਨਾ ਤੋਂ ਅਰਾਈਆਵਾਲੀ ਅਤੇ ਹਰਬਲ ਪਾਰਕ ਖੇਤਰਾਂ ਵਿੱਚ ਕਥਿਤ ਗੈਰ-ਕਾਨੂੰਨੀ ਲੱਕੜ ਕਟਾਈ ਨਾਲ ਸਬੰਧ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਇਹ ਪਤਾ ਲਗਾਉਣ ਵਿੱਚ ਜੁਟਿਆ ਹੈ ਕਿ ਲੱਕੜ ਕਿੱਥੋਂ ਕੱਟੀ ਗਈ ਅਤੇ ਇਸ ਨੂੰ ਇੱਥੇ ਕੌਣ ਲੈ ਕੇ ਆਇਆ।
ਮਾਮਲੇ ਵਿੱਚ ਆਸਿਫ਼ ਪੁੱਤਰ ਜਮੀਲ ਅਤੇ ਮੁਨਸ਼ੀ ਪੁੱਤਰ ਬਸ਼ੀਰ, ਦੋਵੇਂ ਨਾਗਲਪੱਟੀ ਵਾਸੀ, ਅਤੇ ਇਸਰਾਰ ਪੁੱਤਰ ਨਜ਼ੀਰ, ਵਾਸੀ ਜਗਲਪੱਟੀ/ਮਿਲਕ, ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਵਿਭਾਗ ਵੱਲੋਂ ਗੈਰ-ਕਾਨੂੰਨੀ ਲੱਕੜ ਕਟਾਈ ਅਤੇ ਤਸਕਰੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।






