ਨਵੀਂ ਦਿੱਲੀ: 1 ਸਤੰਬਰ ਤੋਂ ਕਮਰਸ਼ੀਅਲ LPG ਸਿਲੰਡਰ ਦੀ ਵਰਤੋਂ ਕਰਨ ਵਾਲਿਆਂ ਲਈ ਝਟਕਾ ਲੱਗਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਵਾਰ ਕੀਮਤਾਂ ਵਿੱਚ ਕਰੀਬ 11 ਰੁਪਏ 50 ਪੈਸੇ ਤੱਕ ਦਾ ਵਾਧਾ ਹੋਇਆ ਹੈ।
ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਨਵੇਂ ਰੇਟਾਂ ਮੁਤਾਬਕ ਦਿੱਲੀ ਵਿੱਚ ਸਿਲੰਡਰ 2,738 ਰੁਪਏ ਤੋਂ ਵਧ ਕੇ 2,747.50 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਮੁੰਬਈ ਵਿੱਚ 2,701 ਰੁਪਏ ਤੋਂ ਵਧ ਕੇ 2,710.50 ਰੁਪਏ ਅਤੇ ਚੇਨਈ ਵਿੱਚ 2,906 ਰੁਪਏ ਤੋਂ ਵਧ ਕੇ 2,916.50 ਰੁਪਏ ਹੋ ਗਿਆ ਹੈ।
ਕੋਲਕਾਤਾ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ, ਜਿੱਥੇ 19 ਕਿਲੋ ਵਾਲਾ ਸਿਲੰਡਰ 2,872.50 ਰੁਪਏ ਤੋਂ ਵਧ ਕੇ 2,884 ਰੁਪਏ ਹੋ ਗਿਆ ਹੈ।
ਹੋਰ ਸ਼ਹਿਰਾਂ ਵਿੱਚ ਵੀ ਨਵੇਂ ਰੇਟ ਲਾਗੂ ਹੋ ਗਏ ਹਨ। ਤਿਰੁਵਨੰਤਪੁਰਮ ਵਿੱਚ 2,784 ਰੁਪਏ, ਬੈਂਗਲੁਰੂ ਵਿੱਚ 2,831 ਰੁਪਏ, ਭੁਵਨੇਸ਼ਵਰ ਵਿੱਚ 2,919 ਰੁਪਏ ਅਤੇ ਹੈਦਰਾਬਾਦ ਵਿੱਚ 2,996 ਰੁਪਏ ਪ੍ਰਤੀ ਸਿਲੰਡਰ ਕੀਮਤ ਹੋ ਗਈ ਹੈ।
ਉੱਧਰ, ਪਟਨਾ ਵਿੱਚ ਕਮਰਸ਼ੀਅਲ LPG ਸਿਲੰਡਰ ਸਭ ਤੋਂ ਮਹਿੰਗਾ ਹੋ ਗਿਆ ਹੈ, ਜਿੱਥੇ ਇਸ ਦੀ ਕੀਮਤ 3,029 ਰੁਪਏ ਤੱਕ ਪਹੁੰਚ ਗਈ ਹੈ।
ਕਮਰਸ਼ੀਅਲ LPG ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਪ੍ਰਭਾਵ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ, ਮਿਠਾਈ ਦੀਆਂ ਦੁਕਾਨਾਂ ਅਤੇ ਹੋਰ ਕਾਰੋਬਾਰਾਂ ’ਤੇ ਪੈ ਸਕਦਾ ਹੈ। ਗੈਸ ਦੀ ਲਾਗਤ ਵਧਣ ਨਾਲ ਕਾਰੋਬਾਰੀਆਂ ਦੇ ਖਰਚੇ ਵਧ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ।






