ਕਾਠਮੰਡੂ: ਨੇਪਾਲ-ਤਿੱਬਤ ਸਰਹੱਦ ’ਤੇ ਬੁੱਧਵਾਰ ਸਵੇਰੇ ਆਏ ਅਚਾਨਕ ਹੜ੍ਹਾਂ ਨੇ ਨੇਪਾਲ ਦੇ ਰਸੁਵਾ ਜ਼ਿਲ੍ਹੇ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਨੇਪਾਲ ਅਤੇ ਤਿੱਬਤ ਵਿੱਚ 392 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਲਗਭਗ 1,400 ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਤਿੱਬਤ ਵੱਲੋਂ ਹੜ੍ਹ ਦਾ ਪਾਣੀ ਨੇਪਾਲ ਵਿੱਚ ਦਾਖਲ
ਜਾਣਕਾਰੀ ਮੁਤਾਬਕ ਤਿੱਬਤ ਵਾਲੇ ਪਾਸਿਓਂ ਹੜ੍ਹ ਦਾ ਪਾਣੀ ਨੇਪਾਲ ਵਿੱਚ ਦਾਖਲ ਹੋਇਆ। ਹੁਣ ਇੱਕ ਵਾਰ ਫਿਰ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਪਾਣੀ ਇਕੱਠਾ ਹੋਣ ਕਾਰਨ ਬਣੀ ਝੀਲ ਦੇ ਮੁੜ ਟੁੱਟਣ ਦੀ ਸਥਿਤੀ ਵਿੱਚ ਹੇਠਲੇ ਇਲਾਕਿਆਂ ਵਿੱਚ ਭਿਆਨਕ ਹੜ੍ਹ ਆ ਸਕਦਾ ਹੈ।
ਚੀਨ ਵੱਲੋਂ ਤਿੱਬਤ ਵਿੱਚ ਲੇਂਡੇ (Lhende) ਦਰਿਆ ’ਤੇ ਇੱਕ ਨਵੀਂ ‘ਬੈਰੀਅਰ ਝੀਲ’ ਬਣਨ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਝੀਲ ਰਸੁਵਾਗਢੀ ਸਰਹੱਦ ਤੋਂ ਕਰੀਬ 18 ਕਿਲੋਮੀਟਰ ਉੱਪਰ ਵੱਲ ਸਥਿਤ ਹੈ।
ਇਹ ਝੀਲ ਲਗਭਗ 0.11 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਇਸ ਸਮੇਂ ਕਰੀਬ 2 ਅਰਬ ਲੀਟਰ ਪਾਣੀ ਇਕੱਠਾ ਹੋਣ ਦੀ ਗੱਲ ਕਹੀ ਗਈ ਹੈ। ਅਗਲੇ ਤਿੰਨ ਦਿਨਾਂ ਦੌਰਾਨ ਇਸ ਵਿੱਚ ਹੋਰ ਕਰੀਬ 3 ਅਰਬ ਲੀਟਰ ਪਾਣੀ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਲਈ ਖ਼ਤਰਾ ਬਣਿਆ ਹੋਇਆ ਹੈ।
ਨੇਪਾਲ ਵਿੱਚ 389 ਮੌਤਾਂ, 910 ਲੋਕ ਲਾਪਤਾ
ਨੇਪਾਲ ਵਿੱਚ ਹੁਣ ਤੱਕ 389 ਮੌਤਾਂ ਦੀ ਪੁਸ਼ਟੀ ਹੋਈ ਹੈ, ਜਦਕਿ 910 ਲੋਕ ਲਾਪਤਾ ਹਨ। ਲਾਪਤਾ ਲੋਕਾਂ ਵਿੱਚ 517 ਵਿਦੇਸ਼ੀ ਨਾਗਰਿਕ, ਨੇਪਾਲ ਫੌਜ ਦੇ 44 ਜਵਾਨ ਅਤੇ ਨੇਪਾਲ ਪੁਲਿਸ ਦੇ 28 ਮੁਲਾਜ਼ਮ ਸ਼ਾਮਲ ਹਨ।
ਦੂਜੇ ਪਾਸੇ ਤਿੱਬਤ ਵਿੱਚ 3 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 558 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ 260 ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਨਵੀਂ ਬਣੀ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਅਗਲੇ ਕੁਝ ਦਿਨਾਂ ਦੌਰਾਨ ਸਥਿਤੀ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ।






