Monday, August 24, 2026
Home World News ਅਜੀਤ ਡੋਭਾਲ ਦੋ ਦਿਨਾਂ ਚੀਨ ਦੌਰੇ ’ਤੇ, ਸਰਹੱਦੀ ਵਿਵਾਦ ’ਤੇ ਹੋਵੇਗੀ 25ਵੇਂ...

ਅਜੀਤ ਡੋਭਾਲ ਦੋ ਦਿਨਾਂ ਚੀਨ ਦੌਰੇ ’ਤੇ, ਸਰਹੱਦੀ ਵਿਵਾਦ ’ਤੇ ਹੋਵੇਗੀ 25ਵੇਂ ਦੌਰ ਦੀ ਗੱਲਬਾਤ

0
2

ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੋ ਦਿਨਾਂ ਚੀਨ ਦੌਰੇ ’ਤੇ ਬੀਜਿੰਗ ਪਹੁੰਚ ਗਏ ਹਨ। ਆਪਣੇ ਦੌਰੇ ਦੌਰਾਨ ਉਹ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਹੋਣ ਵਾਲੀ 25ਵੇਂ ਦੌਰ ਦੀ ਗੱਲਬਾਤ ਵਿੱਚ ਹਿੱਸਾ ਲੈਣਗੇ। ਇਹ ਗੱਲਬਾਤ ਭਲਕੇ ਬੀਜਿੰਗ ਵਿੱਚ ਉਨ੍ਹਾਂ ਦੇ ਚੀਨੀ ਹਮਰੁਤਬਾ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਵੇਗੀ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਮੀਡੀਆ ਬ੍ਰੀਫਿੰਗ ਦੌਰਾਨ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਜੀਤ ਡੋਭਾਲ ਅਤੇ ਵਾਂਗ ਯੀ ਸਰਹੱਦੀ ਵਿਵਾਦ ਤੋਂ ਇਲਾਵਾ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨਗੇ।

ਰਿਸ਼ਤਿਆਂ ਨੂੰ ਸਥਿਰ ਕਰਨ ਦੀ ਕੋਸ਼ਿਸ਼

2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਝੜਪ ਅਤੇ ਪੂਰਬੀ ਲੱਦਾਖ ਵਿੱਚ ਲੰਬੇ ਸਮੇਂ ਤੱਕ ਚੱਲੀ ਫੌਜੀ ਤਣਾਅ ਵਾਲੀ ਸਥਿਤੀ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਸਬੰਧਾਂ ਨੂੰ ਹੌਲੀ-ਹੌਲੀ ਸਥਿਰ ਕਰਨ ਲਈ ਕਈ ਕਦਮ ਚੁੱਕੇ ਗਏ ਹਨ।

ਅਜੀਤ ਡੋਭਾਲ ਅਤੇ ਵਾਂਗ ਯੀ ਦੋਵਾਂ ਦੇਸ਼ਾਂ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧੀ ਹਨ। ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਇਹ ਗੱਲਬਾਤ 2003 ਵਿੱਚ ਭਾਰਤ-ਚੀਨ ਸਰਹੱਦ ਦੇ 3,400 ਕਿਲੋਮੀਟਰ ਤੋਂ ਵੱਧ ਲੰਬੇ ਹਿੱਸੇ ਨਾਲ ਜੁੜੇ ਵਿਵਾਦ ਦੇ ਵਿਆਪਕ ਹੱਲ ਲਈ ਸ਼ੁਰੂ ਕੀਤੀ ਗਈ ਸੀ।

ਜੈਸ਼ੰਕਰ ਨੇ ਸ਼ਾਂਤੀ ਨੂੰ ਦੱਸਿਆ ਜ਼ਰੂਰੀ

ਵਿਸ਼ੇਸ਼ ਪ੍ਰਤੀਨਿਧੀਆਂ ਦੀ ਬੀਜਿੰਗ ਵਿੱਚ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਚੀਨ ਨਾਲ ਚੰਗੇ ਸਬੰਧਾਂ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਹੁਤ ਜ਼ਰੂਰੀ ਹੈ।

ਆਪਣੇ ਚੀਨ ਦੌਰੇ ਦੌਰਾਨ ਅਜੀਤ ਡੋਭਾਲ ਵੱਲੋਂ ਚੀਨ ਦੇ ਉਪ ਰਾਸ਼ਟਰਪਤੀ ਹਾਨ ਝੇਂਗ ਨਾਲ ਵੀ ਮੁਲਾਕਾਤ ਕੀਤੇ ਜਾਣ ਦੀ ਉਮੀਦ ਹੈ।

LEAVE A REPLY

Please enter your comment!
Please enter your name here