Saturday, August 22, 2026
Home Punjab ਬਠਿੰਡਾ ਵਿੱਚ 35 ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਲੱਗੀ ਅੱਗ

ਬਠਿੰਡਾ ਵਿੱਚ 35 ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਲੱਗੀ ਅੱਗ

0
3

ਬਠਿੰਡਾ: ਬਠਿੰਡਾ ਦੇ ਬੀਬੀਵਾਲਾ ਰੋਡ ’ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਕਰੀਬ 35 ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਪ੍ਰਾਈਵੇਟ ਸਕੂਲ ਵੈਨ ਨੂੰ ਅਚਾਨਕ ਅੱਗ ਲੱਗ ਗਈ। ਵੈਨ ਦੇ ਇੰਜਣ ਵਿੱਚੋਂ ਧੂੰਆਂ ਨਿਕਲਦੇ ਹੀ ਬੱਚਿਆਂ ਵਿੱਚ ਹਫੜਾ-ਦਫੜੀ ਮਚ ਗਈ।

ਡਰਾਈਵਰ ਬੱਬੂ ਨੇ ਸਿਆਣਪ ਦਿਖਾਉਂਦਿਆਂ ਤੁਰੰਤ ਵੈਨ ਨੂੰ ਸੜਕ ਕਿਨਾਰੇ ਰੋਕਿਆ ਅਤੇ ਬੱਚਿਆਂ ਨੂੰ ਪਿੱਛੇ ਵੱਲ ਜਾਣ ਲਈ ਕਿਹਾ। ਵੈਨ ਰੁਕਦੇ ਹੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਸਮੇਂ ਵਿੱਚ ਅੰਦਰ ਧੂੰਆਂ ਭਰ ਗਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਵੈਨ ਵਿੱਚੋਂ ਬਾਹਰ ਕੱਢਣਾ ਸ਼ੁਰੂ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਨੇੜਲੇ ਕਮਰੇ ਵਿੱਚ ਬਿਠਾਇਆ। ਧੂੰਆਂ ਜ਼ਿਆਦਾ ਹੋਣ ਕਾਰਨ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਕਾਫੀ ਮੁਸ਼ਕਲ ਆਈ। ਲੋਕਾਂ ਨੇ ਵੈਨ ਦੇ ਸ਼ੀਸ਼ੇ ਤੋੜ ਕੇ ਧੂੰਆਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ।

ਡਰਾਈਵਰ ਨੇ ਅੱਗ ਬੁਝਾਊ ਯੰਤਰ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਸ-ਪਾਸ ਦੇ ਦੁਕਾਨਦਾਰ ਵੀ ਫਾਇਰ ਸਿਲੰਡਰ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ। ਬਾਅਦ ਵਿੱਚ ਫਾਇਰ ਬ੍ਰਿਗੇਡ ਅਤੇ ਪੀਸੀਆਰ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।

ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਮਰਜੀਤ ਮਹਿਤਾ ਨੇ ਵੀ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਅਤੇ ਕਈ ਮਾਪੇ ਮੌਕੇ ’ਤੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਗਏ।

ਸ਼ੁਰੂਆਤੀ ਤੌਰ ’ਤੇ ਵੈਨ ਵਿੱਚ ਅੱਗ ਲੱਗਣ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਸਕੂਲੀ ਵਾਹਨਾਂ ਦੀ ਫਿਟਨੈੱਸ, ਸਮੇਂ ਸਿਰ ਸਰਵਿਸ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਪ੍ਰਬੰਧਾਂ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ।

LEAVE A REPLY

Please enter your comment!
Please enter your name here