HomeWorld Newsਢਾਹਾਂ ਐਵਾਰਡ ਲਈ ਤਿੰਨ ਸਾਹਿਤਕਾਰਾਂ ਦੀ ਚੋਣ

ਢਾਹਾਂ ਐਵਾਰਡ ਲਈ ਤਿੰਨ ਸਾਹਿਤਕਾਰਾਂ ਦੀ ਚੋਣ

ਢਾਹਾਂ ਐਵਾਰਡ ਲਈ ਗੁਰਮੁਖੀ ਤੇ ਸ਼ਾਹਮੁਖੀ ਸਾਹਿਤ ਦੇ ਤਿੰਨ ਲੇਖਕ ਚੁਣੇ ਗਏ

ਗੁਰਮੁਖੀ ਅਤੇ ਸ਼ਾਹਮੁਖੀ ਸਾਹਿਤ ਨੂੰ ਉਤਸ਼ਾਹਿਤ ਕਰਨ ਅਤੇ ਮਿਆਰੀ ਸਾਹਿਤ ਸਿਰਜਣ ਵਾਲੇ ਲੇਖਕਾਂ ਨੂੰ ਸਨਮਾਨਿਤ ਕਰਨ ਲਈ ਢਾਹਾਂ ਪ੍ਰਾਈਜ਼ ਵੱਲੋਂ ਇਸ ਸਾਲ ਤਿੰਨ ਸਿਖਰਲੇ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਹੈ। ਚੁਣੇ ਗਏ ਸਾਹਿਤਕਾਰਾਂ ਵਿੱਚ ਖੰਨਾ ਦੀ ਲੇਖਿਕਾ ਰਾਜਪ੍ਰੀਤ ਕੌਰ ਬੈਨੀਪਾਲ ਦੀ ਪੰਜਾਬੀ ਕਹਾਣੀ ਪੁਸਤਕ ‘ਕਬਰਾਂ ਵਿੱਚ ਉੱਗੇ ਫੁੱਲ’, ਸਰਗੋਧਾ ਦੀ ਅੰਬਰ ਹੁਸੈਨੀ ਦਾ ਸ਼ਾਹਮੁਖੀ ਨਾਵਲ ‘ਨਵਾਂ ਪਿੰਡ’ ਅਤੇ ਇਸਲਾਮਾਬਾਦ ਦੇ ਅਕਮਲ ਸ਼ਹਿਜ਼ਾਦ ਘੁੰਮਣ ਦਾ ਸ਼ਾਹਮੁਖੀ ਨਾਵਲ ‘ਪਰਛਾਵਾਂ’ ਸ਼ਾਮਲ ਹਨ।

ਇਨ੍ਹਾਂ ਤਿੰਨ ਸਾਹਿਤਕਾਰਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 25 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ, ਜਦਕਿ ਬਾਕੀ ਦੋ ਜੇਤੂਆਂ ਨੂੰ 10-10 ਹਜ਼ਾਰ ਡਾਲਰ ਦੀ ਇਨਾਮੀ ਰਕਮ ਮਿਲੇਗੀ। ਇਸ ਤੋਂ ਇਲਾਵਾ ਪੰਜਾਬੀ ਸਾਹਿਤਕ ਰਚਨਾਵਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਾਲੇ ਤਿੰਨ ਅਨੁਵਾਦਕਾਂ ਨੂੰ ਵੀ 2-2 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।

ਢਾਹਾਂ ਐਵਾਰਡਾਂ ਦਾ ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਵਿੱਚ ਕਰਵਾਇਆ ਜਾਵੇਗਾ। ਢਾਹਾਂ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਨੇ ਦੱਸਿਆ ਕਿ ਇਸ ਸਾਲ ਵੱਖ-ਵੱਖ ਦੇਸ਼ਾਂ ਤੋਂ ਕੁੱਲ 58 ਪੁਸਤਕਾਂ ਐਵਾਰਡ ਲਈ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਬਰਤਾਨੀਆ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੇ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਸਾਰੀਆਂ ਪੁਸਤਕਾਂ ਦਾ ਮੁਲਾਂਕਣ ਉੱਘੇ ਸਾਹਿਤਕਾਰਾਂ ਅਤੇ ਚਿੰਤਕਾਂ ਵੱਲੋਂ ਬੜੀ ਬਾਰੀਕੀ ਨਾਲ ਕੀਤਾ ਗਿਆ। ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪਿਛਲੇ 13 ਸਾਲਾਂ ਤੋਂ ਦਿੱਤੇ ਜਾ ਰਹੇ ਇਨ੍ਹਾਂ ਇਨਾਮਾਂ ਨੇ ਗੁਰਮੁਖੀ ਅਤੇ ਸ਼ਾਹਮੁਖੀ ਦੇ ਲੇਖਕਾਂ ਵਿੱਚ ਮਿਆਰੀ ਸਾਹਿਤ ਰਚਣ ਪ੍ਰਤੀ ਨਵੀਂ ਚੇਤਨਾ ਪੈਦਾ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments