Tuesday, August 18, 2026
Home Patiala Updates ਆਜ਼ਾਦੀ ਦਿਵਸ ਮੌਕੇ ਪੀ ਆਰ ਟੀ ਸੀ ਦੇ ਮੁਲਾਜਮਾਂ ਦਾ ਵਧੀਆ ਸੇਵਾਵਾਂ...

ਆਜ਼ਾਦੀ ਦਿਵਸ ਮੌਕੇ ਪੀ ਆਰ ਟੀ ਸੀ ਦੇ ਮੁਲਾਜਮਾਂ ਦਾ ਵਧੀਆ ਸੇਵਾਵਾਂ ਲਈ ਕੀਤਾ ਧੰਨਵਾਦ …ਚੇਅਰਮੈਨ ਜੁਨੇਜਾ

0
9

ਪਟਿਆਲਾ, 15 ਅਗਸਤ 2026:

ਸਵਤੰਤਰ ਦਿਵਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਸ਼ਹੀਦਾ ਨੂੰ ਕੀਤਾ ਪ੍ਰਣਾਮ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਅੱਜ 80ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ, ਦੇਸ਼ਭਗਤੀ ਅਤੇ ਸ਼ਰਧਾ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਕੌਮੀ ਝੰਡਾ ਲਹਿਰਾਉਣ ਉਪਰੰਤ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀਆਰਟੀਸੀ ਵਿੱਚ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਵਿਭਾਗ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਭਾਗ ਦੀ ਸਫਲਤਾ ਉਸ ਦੇ ਮੁਲਾਜ਼ਮਾਂ ਦੀ ਮਿਹਨਤ ਅਤੇ ਸਮਰਪਣ ਨਾਲ ਹੀ ਸੰਭਵ ਹੁੰਦੀ ਹੈ ਅਤੇ ਪੀਆਰਟੀਸੀ ਦਾ ਹਰ ਕਰਮਚਾਰੀ ਵਿਭਾਗ ਦੇ ਪਰਿਵਾਰ ਦਾ ਅਹਿਮ ਹਿੱਸਾ ਹੈ ।

ਆਪਣੇ ਸੰਬੋਧਨ ਦੌਰਾਨ ਚੇਅਰਮੈਨ ਨੇ ਸਮੂਹ ਪੀਆਰਟੀਸੀ ਪਰਿਵਾਰ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਪੂਰਵਕ ਯਾਦ ਕੀਤਾ । ਉਨ੍ਹਾਂ ਕਿਹਾ ਕਿ ਆਜ਼ਾਦੀ ਸਾਨੂੰ ਅਣਗਿਣਤ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਹੈ, ਇਸ ਲਈ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਨੂੰ ਮਜ਼ਬੂਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਐਡਵੋਕੇਟ ਜੁਨੇਜਾ ਨੇ ਪੀਆਰਟੀਸੀ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਭੂਮਿਕਾ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਰੋਜ਼ ਹਜ਼ਾਰਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਸੇਵਾ ਨੂੰ ਸਲਾਮ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਹੋਰ ਵੀ ਜ਼ਿੰਮੇਵਾਰੀ, ਸੰਜਮ ਅਤੇ ਸਮਰਪਣ ਨਾਲ ਨਿਭਾਉਣ ਅਤੇ ਯਾਤਰੀਆਂ ਨਾਲ ਹਮੇਸ਼ਾ ਨਿਮਰਤਾ, ਸਤਿਕਾਰ ਅਤੇ ਸਹਿਯੋਗ ਵਾਲਾ ਵਤੀਰਾ ਰੱਖਣ।

ਉਨ੍ਹਾਂ ਕਿਹਾ ਕਿ ਪੀਆਰਟੀਸੀ ਆਮ ਲੋਕਾਂ ਨੂੰ ਭਰੋਸੇਯੋਗ ਅਤੇ ਸੁਚੱਜੀ ਆਵਾਜਾਈ ਸੇਵਾ ਪ੍ਰਦਾਨ ਕਰਨ ਵਾਲੀ ਇੱਕ ਮਹੱਤਵਪੂਰਨ ਜਨਤਕ ਸੰਸਥਾ ਹੈ। ਇਸ ਲਈ ਹਰ ਮੁਲਾਜ਼ਮ ਨੂੰ ਆਪਣੀ ਡਿਊਟੀ ਨੂੰ ਸਿਰਫ਼ ਨੌਕਰੀ ਨਾ ਸਮਝਦਿਆਂ ਲੋਕ ਸੇਵਾ ਦੀ ਜ਼ਿੰਮੇਵਾਰੀ ਵਜੋਂ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨਾਲ ਚੰਗਾ ਵਿਵਹਾਰ, ਸੁਰੱਖਿਅਤ ਸਫ਼ਰ ਅਤੇ ਸਮੇਂ ਸਿਰ ਬੱਸ ਸੇਵਾ ਪੀਆਰਟੀਸੀ ਦੀ ਕਾਰਗੁਜ਼ਾਰੀ ਦਾ ਅਹਿਮ ਹਿੱਸਾ ਹਨ। ਚੇਅਰਮੈਨ ਨੇ ਪੀਆਰਟੀਸੀ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਤਾਲਮੇਲ, ਮਿਹਨਤ ਅਤੇ ਟੀਮ ਭਾਵਨਾ ਨਾਲ ਕੰਮ ਕਰਦੇ ਹੋਏ ਪੀਆਰਟੀਸੀ ਨੂੰ ਹੋਰ ਮਜ਼ਬੂਤ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਾਲੀ ਸੰਸਥਾ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ।

ਚੇਅਰਮੈਨ ਜੁਨੇਜਾ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਲੋਕ-ਪੱਖੀ ਸੋਚ ਸਦਕਾ ਪੀਆਰਟੀਸੀ ਵਿੱਚ 250 ਬੱਸਾਂ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 100 ਮਿੱਡੀ ਬੱਸਾਂ ਜਲਦ ਸੇਵਾ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਅਤੇ 309 ਹੋਰ ਬੱਸਾਂ ਪਾਉਣ ਦੀ ਪ੍ਰਕਿਰਿਆ ਜਾਰੀ ਹੈ। ਪੀਆਰਟੀਸੀ ਦੀ ਆਮਦਨ ਵਧਾਉਣ ਲਈ ਸੋਲਰ ਸਿਸਟਮ, ਵੇਰਕਾ ਬੂਥ, ਆਈ.ਓ.ਸੀ.ਐੱਲ. ਦਾ ਰਿਟੇਲ ਪੰਪ ਅਤੇ ਐੱਨ.ਜੀ.ਓਜ਼ ਦੇ ਸਹਿਯੋਗ ਨਾਲ ਪਟਿਆਲਾ ਵਿੱਕੇ ਬੱਸ ਸਟਾਪੇਜ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪਟਿਆਲਾ ਵਾਸੀਆਂ ਦੀ ਮੰਗ ਅਨੁਸਾਰ ਪੁਰਾਣੇ ਬੱਸ ਅੱਡੇ ਦਾ ਨਵੀਨੀਕਰਨ ਕਰਕੇ ਇਸ ਨੂੰ ਨਵੀਨਤਮ ਤਕਨਾਲੋਜੀ ਅਤੇ ਆਧੁਨਿਕ ਸਹੂਲਤਾਂ ਨਾਲ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਉਪਰੰਤ ਆਜ਼ਾਦੀ ਦਿਵਸ ਦੀ ਖੁਸ਼ੀ ਸਾਂਝੀ ਕਰਦਿਆਂ ਪੀਆਰਟੀਸੀ ਪਰਿਵਾਰ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੰਕਲਪ ਵੀ ਲਿਆ ਗਿਆ।

ਇਸ ਸਮਾਗਮ ਵਿੱਚ ਪੀਆਰਟੀਸੀ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮਨੀਸ਼ਾ ਰਾਣਾ, ਆਈ.ਏ.ਐੱਸ., ਵਾਈਸ ਚੇਅਰਮੈਨ ਸ. ਬਲਵਿੰਦਰ ਸਿੰਘ ਝਾੜਵਾਂ, ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਨਵਦੀਪ ਕੁਮਾਰ, ਪੀ.ਸੀ.ਐੱਸ., ਕਾਰਜਕਾਰੀ ਇੰਜੀਨੀਅਰ ਸ. ਜਤਿੰਦਰਪਾਲ ਸਿੰਘ ਗਰੇਵਾਲ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਸ. ਅਮਨਵੀਰ ਸਿੰਘ ਟਿਵਾਣਾ ਤੋਂ ਇਲਾਵਾ ਪੀਆਰਟੀਸੀ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ। ਇਸ ਮੌਕੇ ਚੇਅਰਮੈਨ ਜੁਨੇਜਾ ਦੇ ਪਿਤਾ ਸ੍ਰੀ ਭਗਵਾਨ ਦਾਸ ਜੁਨੇਜਾ ਸਮੇਤ ਸਾਰਾ ਪਰਿਵਾਰ ਤੋਂ ਇਲਾਵਾ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸਿਮਰਨ ਗਰੇਵਾਲ, ਰਾਹੁਲ ਮਹਿਤਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here