ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੱਖ ਬੰਦੀਆਂ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਨਾਲ ਜੁੜਿਆ ਮਾਮਲਾ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ (QIM) ਅਤੇ ਹੋਰ ਜਥੇਬੰਦੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਸਬੰਧ ਵਿੱਚ ਚਾਰ ਐੱਫ.ਆਈ.ਆਰ. ਦਰਜ ਕਰਕੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੱਖ ਬੰਦੀਆਂ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
ਚੰਡੀਗੜ੍ਹ ਪੁਲਿਸ ਦੇ ਪ੍ਰੈੱਸ ਨੋਟ ਮੁਤਾਬਕ ਚਾਰਾਂ ਐੱਫ.ਆਈ.ਆਰਜ਼ ਵਿੱਚ ਘੱਟੋ-ਘੱਟ 34 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਜਾਰੀ ਜਾਣਕਾਰੀ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਨਾਮਜ਼ਦ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲੇ 15 ਅਗਸਤ ਨੂੰ ਚੰਡੀਗੜ੍ਹ ਦੇ ਵੱਖ-ਵੱਖ ਸਥਾਨਾਂ ’ਤੇ ਹੋਏ ਪ੍ਰਦਰਸ਼ਨਾਂ ਅਤੇ ਮਾਰਚਾਂ ਨਾਲ ਸਬੰਧਤ ਹਨ।
FIR ਨੰਬਰ 97 ਥਾਣਾ ਨਾਰਥ, ਚੰਡੀਗੜ੍ਹ ਵਿੱਚ ਦਰਜ ਕੀਤੀ ਗਈ। ਇਹ ਮਾਮਲਾ ਪੰਜਾਬ ਲੋਕ ਭਵਨ, ਸੈਕਟਰ-6 ਨੇੜੇ QIM ਅਤੇ ਹੋਰ ਜਥੇਬੰਦੀਆਂ ਵੱਲੋਂ ਕੀਤੇ ਇਕੱਠ ਅਤੇ ਮਾਰਚ ਨਾਲ ਸਬੰਧਤ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਈਮਾਨ ਸਿੰਘ ਮਾਨ, ਰਛਪਾਲ ਸਿੰਘ, ਸੰਤ ਬਾਬਾ ਚਰਨਜੀਤ ਸਿੰਘ, ਜਤਿੰਦਰ ਸਿੰਘ, ਜਸਵੀਰ ਸਿੰਘ, ਗੁਰਪੰਤ ਸਿੰਘ, ਮਨਦੀਪ ਕੌਰ ਅਤੇ ਰਾਜਿੰਦਰ ਕੌਰ ਸਰਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
FIR ਨੰਬਰ 137 ਥਾਣਾ ਸੈਕਟਰ-36 ਵਿੱਚ ਦਰਜ ਕੀਤੀ ਗਈ। ਪੁਲਿਸ ਮੁਤਾਬਕ ਸੈਕਟਰ-51/52 ਦੀ ਡਿਵਾਈਡਿੰਗ ਰੋਡ ’ਤੇ ਮਟੌਰ ਬੈਰੀਅਰ ਨੇੜੇ QIM ਅਤੇ ਹੋਰ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋਏ ਅਤੇ ਸੜਕ ਜਾਮ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਲਈ ਪੁਲਿਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ FIR ਵਿੱਚ ਬਾਪੂ ਗੁਰਚਰਨ ਸਿੰਘ, ਗੁਰਦੀਪ ਬਠਿੰਡਾ, ਸੁਖਜਿੰਦਰ ਸਿੰਘ ਖੋਸਾ, ਸੁਖ ਗਿੱਲ ਮੋਗਾ, ਪਾਲ ਸਿੰਘ ਫਰਾਂਸ, ਬਾਬਾ ਰਾਜਾ ਰਾਜ ਸਿੰਘ, ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਫੂਲ, ਭਾਨਾ ਸਿੱਧੂ, ਬਲਜੀਤ ਸਿੰਘ ਖਾਲਸਾ, ਲੱਖਾ ਸਿਧਾਣਾ, ਅਮਿਤੋਜ਼ ਮਾਨ ਅਤੇ ਨਵਦੀਪ ਜਲਬੇੜਾ ਸਮੇਤ 13 ਵਿਅਕਤੀਆਂ ਦੇ ਨਾਮ ਦਰਜ ਹਨ। ਪੁਲਿਸ ਨੋਟ ਵਿੱਚ ਹੋਰ ਵਿਅਕਤੀਆਂ ਦਾ ਵੀ ਜ਼ਿਕਰ ਹੈ। ਇਸ FIR ਵਿੱਚ ਗ੍ਰਿਫ਼ਤਾਰੀਆਂ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ।
FIR ਨੰਬਰ 96 ਥਾਣਾ ਨਾਰਥ ਵਿੱਚ ਦਰਜ ਕੀਤੀ ਗਈ, ਜੋ ਹੀਰਾ ਸਿੰਘ ਚੌਕ ਵਿਖੇ QIM ਦੇ ਪ੍ਰਦਰਸ਼ਨ ਨਾਲ ਸਬੰਧਤ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਪੁਲਿਸ ਦੀ ਡਿਊਟੀ ਵਿੱਚ ਰੁਕਾਵਟ ਪਾਈ ਗਈ ਅਤੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਮਾਨ, ਦਪਿੰਦਰ ਪ੍ਰਤਾਪ ਸਿੰਘ, ਗੋਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਮ ਦਰਜ ਹਨ। ਪੁਲਿਸ ਨੋਟ ਅਨੁਸਾਰ ਸਿਮਰਨਜੀਤ ਸਿੰਘ ਮਾਨ ਮਰੀਜ਼ ਦਾ ਭੇਸ ਬਣਾ ਕੇ ਐਂਬੂਲੈਂਸ ਵਿੱਚ ਬੈਠੇ ਸਨ। ਇਸ FIR ਵਿੱਚ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
FIR ਨੰਬਰ 106 ਥਾਣਾ ਈਸਟ, ਸੈਕਟਰ-26 ਵਿੱਚ ਦਰਜ ਕੀਤੀ ਗਈ। ਪੁਲਿਸ ਅਨੁਸਾਰ ਸੈਕਟਰ-7/8 ਦੀ ਡਿਵਾਈਡਿੰਗ ਰੋਡ ’ਤੇ ਦੋ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ, ਜਿਨ੍ਹਾਂ ਵਿੱਚ QIM ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀ ਸਵਾਰ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਦੋਵੇਂ ਵਾਹਨਾਂ ਵਿੱਚੋਂ ਕੁੱਲ ਨੌਂ ਵਿਅਕਤੀ ਮਿਲੇ ਅਤੇ ਸਾਰੇ ਨੌਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ ਚਾਰ ਤਲਵਾਰਾਂ ਬਰਾਮਦ ਹੋਣ ਦੀ ਵੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਇਸ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਪ੍ਰੈੱਸ ਨੋਟ ਅਨੁਸਾਰ 15 ਅਗਸਤ ਦੇ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਕੁੱਲ ਚਾਰ FIR ਦਰਜ ਕੀਤੀਆਂ ਗਈਆਂ ਹਨ ਅਤੇ 17 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਘੱਟੋ-ਘੱਟ 34 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ FIR ਨੰਬਰ 137 ਵਿੱਚ “ਹੋਰ ਵਿਅਕਤੀਆਂ” ਦਾ ਵੀ ਜ਼ਿਕਰ ਹੈ। ਪੁਲਿਸ ਵੱਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।






