ਪਟਿਆਲਾ : ਪਟਿਆਲਾ ਦੇ ਘੁੰਮਣ ਨਗਰ ਇਲਾਕੇ ਵਿੱਚ 11 ਅਗਸਤ ਦੀ ਸ਼ਾਮ ਨੂੰ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਮਕਾਨ ਮਾਲਕ ਵੱਲੋਂ ਖੁੱਲ੍ਹਾ ਛੱਡੇ ਗਏ ਪਿਟਬੁਲ ਕੁੱਤੇ ਨੇ ਪਤੀ-ਪਤਨੀ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੋਵਾਂ ਨੂੰ ਡੂੰਘੇ ਜ਼ਖ਼ਮ ਲੱਗੇ, ਜਦਕਿ ਪਤਨੀ ਨੂੰ ਗੰਭੀਰ ਸੱਟਾਂ ਕਾਰਨ ਸਰਜਰੀ ਕਰਵਾਉਣੀ ਪਈ ਅਤੇ ਉਹ ਅਜੇ ਵੀ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੀੜਤਾਂ ਦੀ ਪਛਾਣ ਅੰਕਿਤ ਸਭਰਵਾਲ ਅਤੇ ਸ਼ਿਫਾਲੀ ਸਭਰਵਾਲ ਵਾਸੀ ਪਟਿਆਲਾ ਵਜੋਂ ਹੋਈ ਹੈ। ਘਟਨਾ ਨਾਲ ਸਬੰਧਤ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਿਟਬੁਲ ਕੁੱਤਾ ਪਤੀ-ਪਤਨੀ ’ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਨੇੜਲੇ ਘਰਾਂ ਦੇ ਲੋਕਾਂ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਕੁੱਤੇ ਨੂੰ ਉਨ੍ਹਾਂ ਤੋਂ ਦੂਰ ਕੀਤਾ, ਜਿਸ ਤੋਂ ਬਾਅਦ ਦੋਵੇਂ ਆਪਣੀ ਜਾਨ ਬਚਾ ਕੇ ਉਥੋਂ ਨਿਕਲੇ।
ਅੰਕਿਤ ਸਭਰਵਾਲ ਨੇ ਦੱਸਿਆ ਕਿ ਉਹ ਇੱਕ ਪ੍ਰਾਪਰਟੀ ਡੀਲਰ ਦੇ ਨਾਲ ਘੁੰਮਣ ਨਗਰ ਵਿੱਚ ਕੋਠੀ ਦੇਖਣ ਲਈ ਗਏ ਸਨ। ਜਦੋਂ ਉਹ ਮਕਾਨ ਦੇ ਬਾਹਰ ਖੜ੍ਹੇ ਸਨ ਤਾਂ ਗੇਟ ਖੁੱਲ੍ਹਣ ’ਤੇ ਮਕਾਨ ਮਾਲਕਾਂ ਵੱਲੋਂ ਖੁੱਲ੍ਹਾ ਛੱਡਿਆ ਗਿਆ ਪਿਟਬੁਲ ਅਚਾਨਕ ਬਾਹਰ ਆ ਗਿਆ ਅਤੇ ਉਸ ਨੇ ਉਨ੍ਹਾਂ ਦੀ ਪਤਨੀ ਸ਼ਿਫਾਲੀ ’ਤੇ ਹਮਲਾ ਕਰ ਦਿੱਤਾ।
ਉਨ੍ਹਾਂ ਮੁਤਾਬਕ ਪਿਟਬੁਲ ਨੇ ਸ਼ਿਫਾਲੀ ਦੀ ਬਾਂਹ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਕੱਟ ਮਾਰੇ ਅਤੇ ਗੰਭੀਰ ਜ਼ਖ਼ਮ ਕਰ ਦਿੱਤੇ। ਇਸ ਕਾਰਨ ਉਨ੍ਹਾਂ ਦੀ ਸਰਜਰੀ ਕਰਨੀ ਪਈ ਅਤੇ ਉਹ ਇਸ ਸਮੇਂ ਅਮਰ ਹਸਪਤਾਲ ਵਿੱਚ ਦਾਖਲ ਹਨ। ਅੰਕਿਤ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਅਤੇ ਪਿੱਠ ’ਤੇ ਵੀ ਕੁੱਤੇ ਦੇ ਹਮਲੇ ਕਾਰਨ ਡੂੰਘੇ ਜ਼ਖ਼ਮ ਹੋਏ ਹਨ।
ਅੰਕਿਤ ਸਭਰਵਾਲ ਨੇ ਕਿਹਾ ਕਿ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਕੁੱਤੇ ਨੂੰ ਖੁੱਲ੍ਹਾ ਛੱਡਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।






