*ਦੋ ਮਹੀਨੇ ਦੀ ਮੁਹਿੰਮ ਦੌਰਾਨ ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਐੱਚ.ਆਈ.ਵੀ./ਏਡਜ਼ ਬਾਰੇ ਜਾਗਰੂਕ*
ਪਟਿਆਲਾ: ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਇੰਟੈਂਸੀਫਾਈਡ ਆਈ.ਈ.ਸੀ. ਮੁਹਿੰਮ 3.0 ਦੇ ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਹ ਮੁਹਿੰਮ 12 ਅਗਸਤ ਤੋਂ 12 ਅਕਤੂਬਰ ਤੱਕ ਪੂਰੇ ਪੰਜਾਬ ਵਿੱਚ ਚਲਾਈ ਜਾਵੇਗੀ, ਜਿਸ ਦਾ ਉਦੇਸ਼ ਐੱਚ.ਆਈ.ਵੀ./ਏਡਜ਼ ਪ੍ਰਤੀ ਜਾਗਰੂਕਤਾ ਵਧਾਉਣਾ, ਸਮੇਂ ਸਿਰ ਜਾਂਚ ਤੇ ਇਲਾਜ ਲਈ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 23 ਜ਼ਿਲ੍ਹਿਆਂ ਦੇ ਲਗਭਗ 2,000 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਜੇਤੂ ਬੱਚਿਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਖੇਡ ਮੈਦਾਨ ਵਿਕਸਿਤ ਕਰਨ ਦੇ ਨਾਲ-ਨਾਲ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਇਲਾਜ, ਕਾਉਂਸਲਿੰਗ ਅਤੇ ਪੁਨਰਵਾਸ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਸੂਬੇ ਦੇ 12,997 ਸਕੂਲਾਂ ਅਤੇ 1,475 ਕਾਲਜਾਂ ਵਿੱਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 2,000 ਪਿੰਡਾਂ ਵਿੱਚ ਕਾਉਂਸਲਰਾਂ ਵੱਲੋਂ ਘਰ-ਘਰ ਜਾ ਕੇ ਐੱਚ.ਆਈ.ਵੀ./ਏਡਜ਼ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਰੈਲੀਆਂ, ਫਲੈਸ਼ ਮੌਬ ਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਸਿਹਤ ਮੰਤਰੀ ਨੇ ਕਿਹਾ ਕਿ ਐੱਚ.ਆਈ.ਵੀ. ਨਾਲ ਪ੍ਰਭਾਵਿਤ ਵਿਅਕਤੀਆਂ ਨਾਲ ਭੇਦਭਾਵ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਐੱਚ.ਆਈ.ਵੀ. ਦੀ ਰੋਕਥਾਮ ਦੇ ਨਾਲ-ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਲਈ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ ਐੱਚ.ਆਈ.ਵੀ./ਏਡਜ਼ ਪ੍ਰਤੀ ਆਪਣੇ ਸਾਥੀਆਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਐੱਚ.ਆਈ.ਵੀ. ਦੀ ਰੋਕਥਾਮ ਅਤੇ ਇਲਾਜ ਲਈ 114 ਇੰਟੀਗ੍ਰੇਟਿਡ ਕਾਉਂਸਲਿੰਗ ਐਂਡ ਟੈਸਟਿੰਗ ਸੈਂਟਰ, 27 ਐਂਟੀ-ਰੇਟਰੋਵਾਇਰਲ ਥੈਰੇਪੀ ਸੈਂਟਰ, 31 ਡਿਜ਼ਾਈਨੇਟਿਡ ਐਸ.ਟੀ.ਆਈ./ਆਰ.ਟੀ.ਆਈ. ਕਲੀਨਿਕ, 71 ਟਾਰਗੇਟਿਡ ਇੰਟਰਵੈਂਸ਼ਨ ਪ੍ਰੋਜੈਕਟ, 49 ਓਰਲ ਸਬਸਟੀਚਿਊਸ਼ਨ ਥੈਰੇਪੀ ਸੈਂਟਰ, 36 ਨਸ਼ਾ ਛੁਡਾਊ ਕੇਂਦਰ, 15 ਰੀਹੈਬਿਲੀਟੇਸ਼ਨ ਸੈਂਟਰ ਅਤੇ 548 ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟਰੀਟਮੈਂਟ ਕਲੀਨਿਕਾਂ ਰਾਹੀਂ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਸ੍ਰੀ ਕੁਮਾਰ ਰਾਹੁਲ ਪ੍ਰਮੁੱਖ ਸਕੱਤਰ, ਸ੍ਰੀਮਤੀ ਸਾਕਸ਼ੀ ਸਾਹਨੀ ਵਿਸ਼ੇਸ਼ ਸਕੱਤਰ, ਨਵਰੀਤ ਸੇਖੋਂ ਏ.ਡੀ. ਸੀ. ਪਟਿਆਲਾ, ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਸੁਨੀਲ ਬਾਂਸਲ ਡਾਇਰੈਕਟਰ ਪੀ. ਐਚ. ਐਸ. ਸੀ., ਡਾ ਅਵਨੀਸ਼ ਸ਼ਰਮਾ ਡੀ. ਆਰ. ਐਮ. ਈ., ਪੰਜਾਬ, ਡਾ. ਅਨਿਲ ਗੋਇਲ ਡਾਇਰੈਕਟਰ ਈਐਸਆਈ ਪੰਜਾਬ, ਡਾ. ਸ਼ੈਲੀ ਜੇਟਲੀ ਜੀ ਸਿਵਲ ਸਰਜਨ ਪਟਿਆਲਾ, ਡਾ. ਵਿਸ਼ਾਲ ਗਰਗ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ, ਸ੍ਰੀਮਤੀ ਪਵਨ ਰੇਖਾ ਬੇਰੀ ਜੁਆਇੰਟ ਡਾਇਰੈਕਟਰ (ਆਈ.ਈ.ਸੀ.), ਡਾ. ਸੁਖਵਿੰਦਰ, ਜੁਆਇੰਟ ਡਾਇਰੈਕਟਰ (ਬੀ.ਐਸ.ਡੀ.), ਡਾ. ਸੁਨੀਤਾ ਭਗਤ ਜੁਆਇੰਟ ਡਾਇਰੈਕਟਰ (ਬੀ.ਟੀ.ਐਸ) ਅਤੇ ਡਾ. ਹਰਪ੍ਰੀਤ ਕੌਰ ਜੁਆਇੰਟ ਡਾਇਰੈਕਟਰ (ਸੀ.ਐੱਸ.ਟੀ.) ਤੇ ਹੋਰ ਅਧਿਕਾਰੀ ਮੌਜੂਦ ਸਨ।






