ਮਿਨੀਸੋਟਾ ਦੇ ਕੋਲੰਬੀਆ ਹਾਈਟਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸ) ਦੇ ਏਜੰਟਾਂ ਵੱਲੋਂ ਸਕੂਲੋਂ ਘਰ ਪਰਤ ਰਹੇ 5 ਸਾਲਾ ਲੜਕੇ ਲਿਆਮ ਕੋਨੇਜੋ ਰਾਮੋਸ ਨੂੰ ਹਿਰਾਸਤ ਵਿੱਚ ਲੈਣ ਦੀ ਘਟਨਾ ਨੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਕੂਲ ਅਧਿਕਾਰੀਆਂ ਅਨੁਸਾਰ, ਏਜੰਟਾਂ ਨੇ ਬੱਚੇ ਨੂੰ ਚਲਦੀ ਕਾਰ ਵਿਚੋਂ ਬਾਹਰ ਕੱਢ ਕੇ ਉਸ ਤੋਂ ਘਰ ਦਾ ਦਰਵਾਜ਼ਾ ਖੜਕਵਾਇਆ, ਤਾਂ ਜੋ ਘਰ ਅੰਦਰ ਮੌਜੂਦ ਮਾਪਿਆਂ ਨੂੰ ਬਾਹਰ ਲਿਆ ਕੇ ਗ੍ਰਿਫ਼ਤਾਰ ਕੀਤਾ ਜਾ ਸਕੇ। ਬਾਅਦ ਵਿੱਚ ਲਿਆਮ ਦੇ ਪਿਤਾ ਐਡਰੀਅਨ ਨੂੰ ਵੀ ਹਿਰਾਸਤ ਵਿੱਚ ਲੈ ਕੇ ਟੈਕਸਾਸ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਭੇਜ ਦਿੱਤਾ ਗਿਆ।
ਕੋਲੰਬੀਆ ਹਾਈਟਸ ਪਬਲਿਕ ਸਕੂਲਾਂ ਦੀ ਸੁਪਰਡੈਂਟ ਜੇਨਾ ਸਟੈਨਵਿਕ ਨੇ ਇਸ ਕਾਰਵਾਈ ਨੂੰ “ਬੱਚੇ ਨਾਲ ਧੋਖਾ” ਕਰਾਰ ਦਿੰਦਿਆਂ ਕਿਹਾ ਕਿ ਲਿਆਮ ਕੋਈ ਅਪਰਾਧੀ ਨਹੀਂ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਬੱਚੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਸਿਰਫ਼ ਸੁਰੱਖਿਆ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀ ਦੀ ਗ੍ਰਿਫ਼ਤਾਰੀ ਲਾਜ਼ਮੀ ਸੀ।
ਪਰਿਵਾਰ ਦੇ ਵਕੀਲਾਂ ਮੁਤਾਬਕ, ਲਿਆਮ ਦਾ ਪਰਿਵਾਰ 2024 ਵਿੱਚ ਇਕਵਾਡੋਰ ਤੋਂ ਅਮਰੀਕਾ ਆਇਆ ਸੀ ਅਤੇ ਉਹ ਸ਼ਰਣ ਦੀ ਅਰਜ਼ੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ; ਉਨ੍ਹਾਂ ਖ਼ਿਲਾਫ਼ ਦੇਸ਼ ਨਿਕਾਲੇ ਦਾ ਕੋਈ ਹੁਕਮ ਨਹੀਂ ਸੀ। ਚਿਲਡਰਨ ਰਾਈਟਸ ਸੈਂਟਰ ਦੀ ਲੀਸੀਆ ਵੈਲਚ ਨੇ ਦੱਸਿਆ ਕਿ ਨਜ਼ਰਬੰਦੀ ਕੇਂਦਰਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਵਿੱਚ ਕਈ ਬਿਮਾਰ, ਕੁਪੋਸ਼ਿਤ ਅਤੇ ਦਰਦ ਵਿੱਚ ਹਨ।
ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਏਜੰਸੀ “ਛੋਟੇ ਬੱਚਿਆਂ ਨੂੰ ਚੋਗੇ ਵਾਂਗ ਵਰਤ ਰਹੀ ਹੈ।” ਉਨ੍ਹਾਂ ਕਿਹਾ ਕਿ ਲਿਆਮ ਨੂੰ ਆਪਣੇ ਪਰਿਵਾਰ ਨਾਲ ਘਰ ਹੋਣਾ ਚਾਹੀਦਾ ਹੈ, ਨਾ ਕਿ ਇਮੀਗ੍ਰੇਸ਼ਨ ਹਿਰਾਸਤ ਵਿੱਚ।
ਇਸ ਘਟਨਾ ਤੋਂ ਬਾਅਦ ਸਕੂਲਾਂ ਵਿੱਚ ਡਰ ਦਾ ਮਾਹੌਲ ਹੈ। ਕੋਲੰਬੀਆ ਹਾਈਟਸ ਪਬਲਿਕ ਸਕੂਲਾਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਹਾਜ਼ਰੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਥਾਨਕ ਆਗੂਆਂ ਦਾ ਦੋਸ਼ ਹੈ ਕਿ ਆਈਸ ਏਜੰਟ ਸਕੂਲਾਂ ਦੇ ਆਲੇ-ਦੁਆਲੇ ਗਸ਼ਤ ਕਰ ਰਹੇ ਹਨ, ਬੱਸਾਂ ਦਾ ਪਿੱਛਾ ਕਰ ਰਹੇ ਹਨ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।







