ਸਰਹਿੰਦ ਰੋਡ: ਸਰਹਿੰਦ ਰੋਡ ’ਤੇ ਸਥਿਤ ਇੱਕ ਸਕੂਲ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋਏ 5-6 ਚੋਰਾਂ ਨੇ ਵਿਰੋਧ ਕਰਨ ’ਤੇ ਸਕੂਲ ਦੇ ਚੌਕੀਦਾਰ ਅੰਗਦ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਚੌਕੀਦਾਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੇ ਸਿਰ ’ਤੇ 10 ਤੋਂ ਵੱਧ ਟਾਂਕੇ ਲੱਗੇ ਹਨ।
ਜਾਣਕਾਰੀ ਅਨੁਸਾਰ ਅੰਗਦ ਸਿੰਘ ਰਾਤ ਦੀ ਡਿਊਟੀ ਦੌਰਾਨ ਸਕੂਲ ਵਿੱਚ ਮੌਜੂਦ ਸੀ। ਇਸੇ ਦੌਰਾਨ ਰਾਤ ਸਮੇਂ 5-6 ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਸਕੂਲ ਅੰਦਰ ਦਾਖਲ ਹੋਏ। ਚੌਕੀਦਾਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਅਤੇ ਚੋਰੀ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਹਮਲਾਵਰਾਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਅੰਗਦ ਸਿੰਘ ਦੇ ਸਿਰ ’ਤੇ ਵੀ ਵਾਰ ਕੀਤਾ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ। ਜ਼ਖਮੀ ਚੌਕੀਦਾਰ ਦੇ ਸਿਰ ’ਤੇ 10 ਤੋਂ ਵੱਧ ਟਾਂਕੇ ਲੱਗੇ ਹਨ।
ਘਟਨਾ ਤੋਂ ਬਾਅਦ ਅੰਗਦ ਸਿੰਘ ਨੇ ਥਾਣਾ ਅਨਾਜ ਮੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।






