2028-29 ਤੱਕ 5% ਬਾਇਓਗੈਸ ਬਲੈਂਡਿੰਗ ਦਾ ਟੀਚਾ, ਹਰ ਸਾਲ 600-700 ਨਵੇਂ ਬਾਇਓਗੈਸ ਪਲਾਂਟ ਲਗਾਉਣ ਦੀ ਯੋਜਨਾ
ਨਵੀਂ ਦਿੱਲੀ: ਈਥਾਨੌਲ-ਅਧਾਰਤ ਪੈਟਰੋਲ ਤੋਂ ਬਾਅਦ ਕੇਂਦਰ ਸਰਕਾਰ ਹੁਣ CNG ਅਤੇ PNG (ਰਸੋਈ ਗੈਸ) ਵਿੱਚ ਵੀ ਬਾਇਓਗੈਸ ਦੀ ਬਲੈਂਡਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ₹23,731 ਕਰੋੜ ਦੇ ਬਜਟ ਵਾਲੀ ‘ਗੋਬਰਧਨ’ (GOBARdhan) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਖੇਤੀਬਾੜੀ ਰਹਿੰਦ-ਖੂੰਹਦ, ਗੋਬਰ ਅਤੇ ਜੈਵਿਕ ਕੂੜੇ ਨੂੰ ਸਾਫ਼ ਬਾਲਣ ਅਤੇ ਜੈਵਿਕ ਖਾਦ ਵਿੱਚ ਬਦਲਣਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਯੋਜਨਾ ਤਹਿਤ ਵਿੱਤੀ ਸਾਲ 2026-27 ਤੋਂ CNG ਅਤੇ PNG ਵਿੱਚ ਬਾਇਓਗੈਸ ਦੀ ਬਲੈਂਡਿੰਗ ਸ਼ੁਰੂ ਕੀਤੀ ਜਾਵੇਗੀ। ਇਸ ਨੂੰ 2027-28 ਤੱਕ 3 ਫੀਸਦੀ ਅਤੇ 2028-29 ਤੱਕ 5 ਫੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਕਦਮ ਨਾਲ ਸਾਫ਼ ਊਰਜਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਜੈਵਿਕ ਕਚਰੇ ਦੀ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣੇਗੀ।
ਸਰਕਾਰ ਦਾ ਟੀਚਾ ਦੇਸ਼ ਵਿੱਚ ਬਾਇਓਗੈਸ ਉਤਪਾਦਨ ਨੂੰ 10 ਗੁਣਾ ਵਧਾਉਣ ਦੇ ਨਾਲ ਹਰ ਸਾਲ 600 ਤੋਂ 700 ਨਵੇਂ ਬਾਇਓਗੈਸ ਪਲਾਂਟ ਸਥਾਪਤ ਕਰਨਾ ਹੈ। ਇਸ ਯੋਜਨਾ ਨਾਲ ਨਿਵੇਸ਼ਕਾਂ ਨੂੰ ਸਬਸਿਡੀ ਮਿਲਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ, ਜੈਵਿਕ ਖਾਦ ਦੇ ਉਤਪਾਦਨ ਨੂੰ ਉਤਸ਼ਾਹ ਅਤੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਸਰਕਾਰੀ ਸੂਤਰਾਂ ਅਨੁਸਾਰ, 10 ਅਗਸਤ ਨੂੰ ਮਨਾਏ ਜਾਣ ਵਾਲੇ ਵਿਸ਼ਵ ਬਾਇਓਫਿਊਲ ਦਿਵਸ ਮੌਕੇ ਇਸ ਯੋਜਨਾ ਦਾ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।






