ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਲਕਸ਼ਮੀ ਯੋਜਨਾ ਵਿੱਚ ਲਗਾਈਆਂ ਗਈਆਂ ਸ਼ਰਤਾਂ ਨੂੰ ਲੈ ਕੇ ਭਾਜਪਾ ਦੀ ਰੇਖਾ ਗੁਪਤਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ, ਜਿੱਥੇ ਮਹਿਲਾਵਾਂ ਲਈ ਚੱਲ ਰਹੀ ਯੋਜਨਾ ਵਿੱਚ ਕਿਸੇ ਤਰ੍ਹਾਂ ਦੀ ਸਖ਼ਤ ਸ਼ਰਤ ਨਹੀਂ ਰੱਖੀ ਗਈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਇੱਕ ਪਰਿਵਾਰ ਵਿੱਚ ਚਾਰ ਮਹਿਲਾਵਾਂ ਹਨ ਤਾਂ ਚਾਰਾਂ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਮਿਲਦਾ ਹੈ। ਇਸ ਦੇ ਉਲਟ ਦਿੱਲੀ ਦੀ ਲਕਸ਼ਮੀ ਯੋਜਨਾ ਵਿੱਚ 10 ਸਾਲ ਤੋਂ ਦਿੱਲੀ ਵਿੱਚ ਰਹਿਣ ਦਾ ਸਬੂਤ ਅਤੇ ਸੰਸਦ ਮੈਂਬਰ ਜਾਂ ਵਿਧਾਇਕ ਦੀ ਮਨਜ਼ੂਰੀ ਵਰਗੀਆਂ ਸ਼ਰਤਾਂ ਲਗਾਈਆਂ ਗਈਆਂ ਹਨ, ਜਿਸ ਨਾਲ ਬਹੁਤ ਘੱਟ ਮਹਿਲਾਵਾਂ ਇਸ ਦਾ ਲਾਭ ਲੈ ਸਕਣਗੀਆਂ।
ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਭਾਜਪਾ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਯੋਜਨਾ ਵਿੱਚ ਇੰਨੀਆਂ ਪਾਬੰਦੀਆਂ ਨਾ ਲਗਾਈਆਂ ਜਾਂਦੀਆਂ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਸ਼ਰਤਾਂ ਦੇ ਆਧਾਰ ‘ਤੇ ਦਿੱਲੀ ਦੀਆਂ 10 ਫੀਸਦੀ ਮਹਿਲਾਵਾਂ ਨੂੰ ਵੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਸਦ ਮੈਂਬਰ ਜਾਂ ਵਿਧਾਇਕ ਦੀ ਮਨਜ਼ੂਰੀ ਦੀ ਸ਼ਰਤ ਤੋਂ ਲੱਗਦਾ ਹੈ ਕਿ ਯੋਜਨਾ ਦਾ ਲਾਭ ਚੋਣਵੇਂ ਲੋਕਾਂ ਤੱਕ ਹੀ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਨੂੰ ਯੋਜਨਾ ਦਾ ਲਾਭ ਦੇਣ ਲਈ ਨਾ ਤਾਂ ਜਾਤ-ਪਾਤ, ਨਾ ਅਮੀਰ-ਗਰੀਬ ਅਤੇ ਨਾ ਹੀ ਹੋਰ ਕੋਈ ਭੇਦਭਾਵ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਦਿੱਲੀ ਸਰਕਾਰ ਦੀ ਨੀਅਤ ਸੱਚਮੁੱਚ ਮਹਿਲਾਵਾਂ ਨੂੰ ਲਾਭ ਦੇਣ ਦੀ ਹੈ ਤਾਂ ਉਹ ਵੀ ਬਿਨਾਂ ਬੇਲੋੜੀਆਂ ਸ਼ਰਤਾਂ ਦੇ ਯੋਜਨਾ ਨੂੰ ਲਾਗੂ ਕਰੇ।






