ਹੁਣ ਮੋਹਾਲੀ ‘ਚ ਵੀ ਸ਼ੁਰੂ ਹੋਏ ਈ-ਚਲਾਨ , ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਘਰ-ਘਰ ਭੇਜੇ ਜਾਣਗੇ ਚਲਾਨ

ਚੰਡੀਗੜ੍ਹ: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ‘ਚ ਵੀ ਈ-ਚਲਾਨ ਸ਼ੁਰੂ ਹੋ ਗਿਆ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਘਰ-ਘਰ ਚਲਾਨ ਭੇਜੇ ਜਾਣਗੇ, ਜਿਸ ‘ਤੇ ਵਾਹਨ ਅਤੇ ਉਸ ਦੇ ਡਰਾਈਵਰ ਦੀ ਫੋਟੋ ਵੀ ਹੋਵੇਗੀ। ਪੂਰਾ ਸਿਸਟਮ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਚੱਲੇਗਾ, ਯਾਨੀ ਜ਼ਮੀਨੀ ਪੱਧਰ ‘ਤੇ ਪੁਲਿਸ ਮੁਲਾਜ਼ਮਾਂ ਦੀ ਜ਼ਰੂਰਤ ਨਹੀਂ ਰਹੇਗੀ।

ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ 21.60 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਨਿਗਰਾਨੀ ਲਈ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ। ਸਿਸਟਮ ਦੇ ਚਾਲੂ ਹੋਣ ਦੇ ਪਹਿਲੇ ਛੇ ਘੰਟਿਆਂ ਦੇ ਅੰਦਰ ਹੀ ਸ਼ਹਿਰ ਵਿੱਚ ਲਗਭਗ 3,000 ਚਲਾਨ ਜਾਰੀ ਕੀਤੇ ਗਏ। ਸਿਸਟਮ ਦੀ ਪੂਰੀ ਜਾਂਚ ਲਈ ਸੈਕਟਰ 79 ਸਥਿਤ ਸੋਹਾਣਾ ਥਾਣੇ ਦੀ ਨਵੀਂ ਇਮਾਰਤ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ‘ਚ ਸ਼ਹਿਰ ਦੇ 17 ਪ੍ਰਮੁੱਖ ਸਥਾਨਾਂ ‘ਤੇ 351 ਹਾਈ ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਨਵੀਂ ਪ੍ਰਣਾਲੀ ਨਾਲ ਪੁਲਿਸ ਨੂੰ ਇਹ ਫਾਇਦਾ ਹੋਵੇਗਾ ਕਿ ਇਨ੍ਹਾਂ ਨਾਕਿਆਂ ਤੋਂ ਲੰਘਣ ਵਾਲੇ ਹਰੇਕ ਵਾਹਨ ਦਾ ਨੰਬਰ ਪੁਲਿਸ ਕੋਲ ਰਹੇਗਾ।

ਇੱਥੋਂ ਤੱਕ ਕਿ ਕਾਰ ਵਿੱਚ ਬੈਠੇ ਵਿਅਕਤੀ ਦੇ ਚਿਹਰੇ ਦੀ ਫੋਟੋ ਵੀ ਆਵੇਗੀ। ਇਸ ਤੋਂ ਇਲਾਵਾ ਕਿਸ ਸੜਕ ‘ਤੇ (ਕਿਸੇ ਹੋਰ ਸੂਬੇ ਦਾ) ਵਿਦੇਸ਼ੀ ਵਾਹਨ ਹੈ, ਇਹ ਵੀ ਪਤਾ ਲੱਗੇਗਾ। ਜੇ ਟ੍ਰੈਫਿਕ ਜਾਮ ਹੁੰਦਾ ਹੈ, ਤਾਂ ਇਹ ਉਸ ਸੜਕ ‘ਤੇ ਸਥਿਤੀ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗਾ। ਜੇਕਰ ਕਿਸੇ ਵੀ ਪੁਆਇੰਟ ‘ਤੇ ਸਾਈਡ ਟ੍ਰੈਫਿਕ ਨਹੀਂ ਹੈ ਪਰ ਰੈੱਡ ਲਾਈਟ ਹੈ ਤਾਂ ਇਹ ਸਿਸਟਮ ਜ਼ਿਆਦਾ ਭੀੜ ਵਾਲੇ ਪਾਸੇ ਤੋਂ ਟ੍ਰੈਫਿਕ ਹਟਾਉਣ ‘ਚ ਮਦਦਗਾਰ ਸਾਬਤ ਹੋਵੇਗਾ। ਨਵੀਂ ਤਕਨਾਲੋਜੀ ਨਾਲ ਅਪਰਾਧ ਦਾ ਗ੍ਰਾਫ ਕਾਫ਼ੀ ਹੱਦ ਤੱਕ ਘਟਣ ਦੀ ਸੰਭਾਵਨਾ ਹੈ। ਕੈਮਰੇ ਜਿੱਥੇ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਕਰਨਗੇ, ਉੱਥੇ ਹੀ ਘਟਨਾਵਾਂ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਤਿ ਆਧੁਨਿਕ ਏ.ਆਈ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਵਿੱਚ ਸੁਧਾਰ ਕਰਨਾ, ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣਾ ਅਤੇ ਪ੍ਰਭਾਵਸ਼ਾਲੀ ਕਾਨੂੰਨ ਨੂੰ ਯਕੀਨੀ ਬਣਾਉਣਾ ਹੈ।

Leave a Reply

Your email address will not be published. Required fields are marked *