ਸ਼੍ਰੋਮਣੀ ਅਕਾਲੀ ਦਲ ‘ਚ ਚੱਲ ਰਿਹਾ ਸਿਆਸੀ ਤੂਫਾਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਦਰਅਸਲ ਬੀਤੇ ਦਿਨ ਅਕਾਲੀ ਦਲ ‘ਚੋਂ ਕੱਢੇ ਗਏ 8 ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਰਪ੍ਰਸਤ ਹੋਣ ਦੇ ਨਾਤੇ ਉਹ ਅਨੁਸ਼ਾਸਨੀ ਕਮੇਟੀ ਦੇ ਫ਼ੈਸਲੇ ਨੂੰ ਰੱਦ ਕਰਦੇ ਹਨ।
ਢੀਂਡਸਾ ਨੇ ਕਿਹਾ ਕਿ ਪਾਰਟੀ ‘ਚੋਂ 8 ਆਗੂਆਂ ਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਕੱਢਿਆ ਗਿਆ ਹੈ। ਪਾਰਟੀ ਨੂੰ ਬਚਾਉਣ ਲਈ ਕੋਈ ਅਨੁਸ਼ਾਸਨਹੀਣਤਾ ਨਹੀਂ ਹੈ, ਅਸੀਂ ਪਾਰਟੀ ਲਈ ਕਈ ਵਾਰ ਜੇਲ੍ਹ ਗਏ, ਸੁਖਬੀਰ ਇੱਕ ਵਾਰ ਵੀ ਪਾਰਟੀ ਲਈ ਜੇਲ੍ਹ ਨਹੀਂ ਗਏ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਲੀਡਰਸ਼ਿਪ ਛੱਡ ਦੇਣ, ਤਾਂ ਹੀ ਸ਼੍ਰੋਮਣੀ ਅਕਾਲੀ ਅੱਗੇ ਵਧ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਨਰਲ ਇਜਲਾਸ ਬੁਲਾ ਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਕੋਰ ਕਮੇਟੀ ਭੰਗ ਹੋਣ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ 7 ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਜਿਨ੍ਹਾਂ ਆਗੂਆਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ।