ਮੁਕਤਸਰ : ਮਾਘੀ ਦਾ ਤਿਉਹਾਰ ਤੇ ਮਾਘੀ ਦਾ ਮੇਲਾ ਸਿੱਖ ਕੌਮ ਲਈ ਧਾਰਮਿਕ ਨਜ਼ਰੀਏ ਤੋਂ ਮਹੱਤਵਪੂਰਨ ਹਨ। ਇਸ ਦਿਨ ਸੰਪਰਦਾਇਕ ਪਾਰਟੀਆਂ ਆਪਣਾ ਏਜੰਡਾ ਲੋਕਾਂ ਸਾਹਮਣੇ ਪੇਸ਼ ਕਰਦੀਆਂ ਹਨ। ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਪੁੱਜਦੀਆਂ ਹਨ। ਮੇਲਾ ਮਾਘੀ ਮੌਕੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਦੌਰਾਨ ਸਟੇਜ ਤੋਂ 15-ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਬਣਾਉਣ ਦਾ ਐਲਾਨ ਕੀਤਾ ਗਿਆ। ਇਹ ਕਾਨਫਰੰਸ ਬਠਿੰਡਾ ਰੋਡ ਉਪਰ ‘ਗਰੀਨ ਸੀ ਰਿਜ਼ੋਰਟਸ’ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।
ਸਟੇਜ ਤੋਂ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਪਾਸ ਕੀਤੇ ਮਤੇ ਅਨੁਸਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਵੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਆਪਣਾ ਕੰਮ ਪੂਰਾ ਕਰੇਗੀ। ਪਾਸ ਕੀਤੇ ਮਤੇ ਮੁਤਾਬਕ ਸ੍ਰੀ ਅਕਾਲ ਤਖ਼ਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨੀ, ਸਮੁੱਖੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ, ਨਸਲਾਂ ਤੇ ਫਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨੀ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ ਇਸ ਸਿਆਸੀ ਪਾਰਟੀ ਦੇ ਮੰਤਵ ਹੋਣਗੇ।