ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅੱਜ ਮਾਘੀ ਮੇਲੇ ਦੌਰਾਨ ਨਵੀਂ ਸੂਬਾਈ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਨਾਮ ਵਾਲੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਪਾਰਟੀ ਦਾ ਪ੍ਰਧਾਨ ਅੰਮ੍ਰਿਤਪਾਲ ਨੂੰ ਥਾਪਿਆ ਗਿਆ ਹੈ। ਹਾਲਾਂਕਿ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਵੇਲੇ ਐੱਨਐੱਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਇਸ ਦੇ ਨਾਲ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਪਾਰਟੀ ਦੇ ਰੈਗੂਲਰ ਪ੍ਰਧਾਨ ਦੀ ਚੋਂਣ ਨਹੀਂ ਹੁੰਦੀ ਉਦੋਂ ਤੱਕ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਕਰੇਗੀ, ਜਿਸ ਦੇ ਮੈਂਬਰ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ), ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਹੋਣਗੇ। ਇਹ ਮੈਂਬਰ ਨਵੀਂ ਬਣੀ ਕਮੇਟੀ ਦਾ ਜਥੇਬੰਦਕ ਢਾਂਚਾ ਉਸਾਰਨ ਲਈ ਬਣਨ ਵਾਲੀਆਂ ਸਬ ਕਮੇਟੀਆਂ ਦੀ ਨਿਗਰਾਨੀ ਕਰਨਗੇ ਅਤੇ ਜਥੇਬੰਦਕ ਕਾਰਵਾਈਆਂ ਨੂੰ ਨੇਪਰੇ ਚਾੜ੍ਹੇਗੀ।
ਪਾਰਟੀ ਦਾ ਉਦੇਸ਼ !
ਪਾਰਟੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਹੋਇਆ ਮਤੇ ਵਿੱਚ ਦੱਸਿਆ ਗਿਆ ਹੈ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਨ੍ਹਾਂ ਲੋੜੀਂਦੇ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਸਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿੱਚ ਮਾਹਰ ਸ਼ਖ਼ਸ਼ੀਅਤਾਂ ਨੂੰ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਿਰਦਾਰ ਵਾਲੇ, ਇਮਾਨਦਾਰ ਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ। ਇਹ ਮੰਚ ਗੁਰਦੁਆਰਾ ਸੰਸਥਾ, ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਧਾਰਮਿਕ, ਆਰਥਿਕ, ਪ੍ਰਬੰਧਕੀ, ਵਿਦਿਅਕ, ਚੋਣ ਰੁਜ਼ਗਾਰ ਅਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿਫ਼ਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਦ ਬਣਾਉਣਗੇ। ਇਹ ਅਕਾਲੀ ਦਲ ਪੰਜਾਬ ਦੇ ਵਸਦੇ ਸਾਰੇ ਧਰਮਾਂ, ਸ਼ਹੀਦਾਂ ਦੇ ਪਰਿਵਾਰਾਂ, ਦਲਿਤਾਂ, ਵਰਗਾਂ, ਮਜ਼ਦੂਰਾਂ, ਕਿਰਤੀਆਂ, ਕਿਸਾਨਾਂ, ਵਪਾਰੀਆਂ ਅਤੇ ਨੌਕਰੀ-ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ। ਇਹ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮਸਲੇ ਹੱਲ ਕਰਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦੀ ਸਲਾਹ ਨਾਲ ਯੋਗ ਨੀਤੀਆਂ ਬਣਾਏਗਾ।
- ਅਨੰਦਪੁਰ ਵਾਪਸੀ
ਪਾਰਟੀ ਦੇ ਏਜੰਡੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਿੱਖ ਕੈਦੀਆਂ ਲਈ ਸ਼ਾਂਤਮਈ ਸੰਘਰਸ਼ ਉਨ੍ਹਾਂ ਚਿਰ ਜਾਰੀ ਰਹੇਗਾ, ਜਦੋਂ ਤੱਕ ਸਾਰੇ ਸਿੰਘ ਰਿਹਾਅ ਨਹੀਂ ਹੋ ਜਾਂਦੇ। ਪਾਰਟੀ ਦੇ ਏਜੰਡੇ ਅਨੁਸਾਰ ‘ਨਸਲਾਂ ਅਤੇ ਫ਼ਸਲਾਂ’ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਸ਼ਾਮਲ ਹੈ।
ਪਾਰਟੀ ਨੇ ਆਪਣੇ ਏਜੰਡੇ ਵਿੱਚ ਇੱਕ ਮੁਹਿਮ ‘ਅਨੰਦਪੁਰ ਵਾਪਸੀ’ ਦਾ ਜ਼ਿਕਰ ਕੀਤਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਕਿਹਾ ਹੈ ਕਿ ਨਸ਼ਿਆਂ ਦਾ ਇੱਕੋ-ਇੱਕ ਹੱਲ ਧਰਮ ਵਾਪਸੀ ਹੈ। ਏਜੰਡੇ ਮੁਤਾਬਕ, ਧਰਮ ਨਾਲੋਂ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਹੀਣ ਭਾਵਨਾ ਕਾਰਨ ਨਸ਼ੇ ਵੱਲ ਤੁਰਦਾ ਹੈ।
ਪਾਰਟੀ ਦੇ ਇੱਕ ਹੋਰ ਮਤੇ ‘ਪੰਜਾਬ ਪੰਜਾਬੀਆਂ ਦਾ’ ਦੇ ਅਨੁਸਾਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰ ਅਤੇ ਨਿੱਜੀ ਕਾਰੋਬਾਰ ਦੀਆਂ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ। ਇਸ ਦੇ ਏਜੰਡੇ ਵਿਚ ਬੇਅਦਬੀ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੰਜਾਬ ਦੇ ਹੋਰਨਾਂ ਵਰਗਾਂ ਦੀ ਨੁਮਾਇੰਦਗੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।
ਪੰਜਾਬ ਪੁਲਿਸ ਦਾ ਪੁਨਰਗਠਨ
ਪਾਰਟੀ ਦੇ ਇੱਕ ਹੋਰ ਮਤੇ ਵਿੱਚ ਕਿਹਾ ਗਿਆ ਹੈ ਕਿ ਝੂਠੇ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਵਾਲੀ ਬਿਰਤੀ ਖ਼ਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ-ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਪਾਰਟੀ ਮੁਤਾਬਕ ਪੰਜਾਬ ਵਿੱਚ ਪੁਲਿਸ ਦੇ ਪੁਨਰਗਠਨ ਦੀ ਸਖ਼ਤ ਲੋੜ ਹੈ ਅਤੇ ਉਨ੍ਹਾਂ ਦੇ ਕਹਿਣਾ ਹੈ ਕਿ ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦੇ ਬਣਾਇਆ ਹੈ, ਜਿਸ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ।
ਪਾਰਟੀ ਦੇ ਕਹਿਣਾ ਹੈ ਕਿ ਪੱਛਮੀਂ ਦੇਸ਼ਾਂ ਦੇ ਪੁਲਿਸ ਪ੍ਰਬੰਧ ਵਿੱਚੋਂ ਚੰਗੇ ਪੱਖ ਲੈ ਕੇ ਪੰਜਾਬ ਪੁਲਿਸ ਦੇ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ 24*24 ਘੰਟੇ ਕੰਮ ਕਰਦੇ ਤੇ ਕਈ ਕਿਸਮ ਦਾ ਸ਼ੋਸ਼ਣ ਝੱਲਦੇ ਆਮ ਮੁਲਾਜ਼ਮਾਂ ਦਾ ਜੀਵਨ ਸੁਖਾਲਾ ਹੋ ਸਕੇ।
ਅੰਮ੍ਰਿਤਪਾਲ ਸਿੰਘ
ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਬਣੇ ਪ੍ਰਧਾਨ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖਤਿਆਰ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ। ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ 2022 ਵਿੱਚ ਪੰਜਾਬ ਵਾਪਸ ਆ ਗਏ ਸਨ। ਉਨ੍ਹਾਂ ਦਾ ਪਿੰਡ ਜੱਲੂਖੇੜਾ ਹੈ।
ਉਨ੍ਹਾਂ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਓ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ। ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ ਸਨ।
23 ਅਪ੍ਰੈਲ 2023 ਨੂੰ ਤੜਕੇ ਪੁਲਿਸ ਵੱਲੋਂ ਉਨ੍ਹਾਂ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੋਇਆ ਹੈ ਅਤੇ ਉਹ ਅਜੇ ਵੀ ਜੇਲ੍ਹ ਵਿੱਚ ਹਨ।