SAD ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਗਿਆ ਸਪੱਸ਼ਟੀਕਰਨ ਪੱਤਰ ਸਿੰਘ ਸਾਹਿਬਾਨ ਨੇ ਅਚਨਚੇਤੀ ਇਕੱਤਰਤਾ ਕਰਕੇ ਅੱਜ ਜਨਤਕ ਕਰ ਦਿੱਤਾ ਹੈ। ਇਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਲਦ ਹੀ ਪੰਜ ਸਿੰਘ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਇਸ ਪੱਤਰ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਸਪੱਸ਼ਟੀਕਰਨ ਵਿਚ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਉਹ ਜਾਣੇ-ਅਣਜਾਣੇ ਵਿਚ ਹੋਈਆਂ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿਚ ਪਾਉਂਦੇ ਹਨ, ਭਾਵੇਂ ਉਹ ਪਰਿਵਾਰ ਕੋਲੋਂ ਹੋਈਆਂ ਜਾਂ ਪਾਰਟੀ ਕੋਲੋਂ।
ਇਸ ਵਿਚ ਸੁਖਬੀਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ।