ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। NCP (SP) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਸਹਿਆਦਰੀ ਗੈਸਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਬੈਠਕ ‘ਚ ਪਵਾਰ ਨੇ ਮੁੱਖ ਮੰਤਰੀ ਨਾਲ ਮਰਾਠਾ ਅਤੇ ਓ.ਬੀ.ਸੀ ਰਿਜ਼ਰਵੇਸ਼ਨ ਅਤੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਣ ਵਾਲੀ ਦੁੱਧ ਦੀ ਕੀਮਤਾਂ ਦੇ ਮੁੱਦੇ ‘ਤੇ ਚਰਚਾ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਐੱਨਸੀਪੀ (ਸਪਾ) ਦੇ ਮੁਖੀ ਸ਼ਰਦ ਪਵਾਰ ‘ਤੇ ਤਿੱਖਾ ਹਮਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਦੇਸ਼ ‘ਚ ਭ੍ਰਿਸ਼ਟਾਚਾਰ ਦਾ ‘ਬਾਦਸ਼ਾਹ’ ਕਿਹਾ ਹੈ।
ਚੋਣਾਂ ਤੋਂ ਪਹਿਲਾਂ ਗਰਮਾ ਗਿਆ ਮਰਾਠਾ ਰਾਖਵਾਂਕਰਨ ਦਾ ਮੁੱਦਾ
ਪਿਛਲੇ ਹਫਤੇ ਛਗਨ ਭੁਜਬਲ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ‘ਚ ਸ਼ਰਦ ਪਵਾਰ ਨੇ ਮਰਾਠਾ ਰਾਖਵਾਂਕਰਨ ਮੁੱਦੇ ‘ਤੇ ਵਿਚੋਲਗੀ ਕਰਨ ਦੀ ਮੰਗ ਕੀਤੀ ਸੀ। ਇਸ ਸਮੇਂ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਮਹਾਰਾਸ਼ਟਰ ‘ਚ ਮਾਹੌਲ ਗਰਮ ਹੈ। ਛਗਨ ਭੁਜਬਲ ਨੇ ਮੰਗ ਕੀਤੀ ਸੀ ਕਿ ਅਜਿਹੀ ਸਥਿਤੀ ਵਿੱਚ ਸੂਬੇ ਦੇ ਕਿਸੇ ਸੀਨੀਅਰ ਆਗੂ ਨੂੰ ਵਿਚੋਲਗੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧ ‘ਚ ਆਪਣਾ ਪੱਖ ਵੀ ਰੱਖਿਆ।