ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ.ਪੀ. ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਅਪੀਲ ਕੀਤੀ ਕਿ ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵਿਚ ਬਦਲਿਆ ਜਾਵੇ ਅਤੇ ਬਠਿੰਡਾ ਤੋਂ ਕੈਨੇਡਾ ਲਈ ਕੌਮਾਂਤਰੀ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਇਥੋਂ ਜਾਣ ਵਾਲੇ ਕੌਮਾਂਤਰੀ ਵਿਦਿਆਰਥੀ ਅਤੇ ਦੋਵਾਂ ਥਾਵਾਂ ਵਿਚਾਲੇ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਇਸਦਾ ਲਾਹਾ ਮਿਲ ਸਕੇ। ਬਠਿੰਡਾ ਤੋਂ ਐਮ.ਪੀ. ਨੇ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਬੋਇੰਡ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਡਾਣ ਸਕੀਮ ਤਹਿਤ ਖੇਤਰੀ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਸਿੱਖਾਂ ਦੇ ਦੋ ਪਵਿੱਤਰ ਤਖਤਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਫਲਾਈਟਾਂ ਦੀ ਵੀ ਮੰਗ ਕੀਤੀ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਜਿਹੀ ਥਾਂ ਹੈ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅੱਠ ਜ਼ਿਲ੍ਹਿਆਂ ਦੇ ਨਾਲ ਲੱਗਦਾ ਹੈ ਜਿਸਦੇ ਇਕ ਪਾਸੇ ਹਰਿਆਣਾ ਵਿਚ ਸਿਰਸਾ ਤੋਂ ਲੈ ਕੇ ਰਾਜਸਥਾਨ ਵਿਚ ਸ੍ਰੀ ਗੰਗਾਨਗਰ ਪੈਂਦਾ ਹੈ ਜਦੋਂ ਕਿ ਪੰਜਾਬ ਦੇ ਸੰਗਰੂਰ, ਮਾਨਸਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਵੀ ਇਸਦੇ ਨਾਲ ਲੱਗਵੇਂ ਹਨ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੀ ਅਹਿਮੀਅਤ ਇਸਦੀ ਭੂਗੌਲਿਕ ਸਥਿਤੀ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਇਸੇ ਦੁਆਲੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਹਵਾਈ ਫੌਜ ਸਟੇਸ਼ਨ, ਇਕ ਕੇਂਦਰੀ ਸਟੇਸ਼ਨ, ਇਕ ਵੱਡੀ ਤੇਲ ਰਿਫਾਇਨਰੀ, ਤਿੰਨ ਥਰਮਲ ਪਲਾਂਟ ਤੇ ਸਿੱਖਾਂ ਦਾ ਇਕ ਤਖਤ-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਸਥਿਤ ਹੈ।