ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਬੇਦਖਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ, 18 ਅਧਿਕਾਰੀਆਂ ਦੇ ਇੰਚਾਰਜਾਂ ਦੇ ਤਬਾਦਲੇ ਦੇ ਕੁਝ ਦਿਨਾਂ ਬਾਅਦ ਢਾਕਾ ਵਿਚ 32 ਪੁਲਿਸ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਬਾਦਲੇ ਦਾ ਹੁਕਮ ਬੀਤੀ ਰਾਤ ਨੂੰ ਆਇਆ। ਤਾਜ਼ਾ ਤਬਾਦਲੇ ਦੇ ਨਾਲ, ਢਾਕਾ ਮੈਟਰੋਪੋਲੀਟਨ ਪੁਲਿਸ ਅਧੀਨ ਸਾਰੇ 50 ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਬਾਕੀ 18 ਅਫਸਰ ਇੰਚਾਰਜਾਂ ਦਾ ਤਬਾਦਲਾ 13 ਅਗਸਤ ਨੂੰ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਤਬਾਦਲੇ ਕੀਤੇ ਗਏ ਲੋਕਾਂ ਕੋਲ ਹੁਣ ਉਹ ਸ਼ਕਤੀਆਂ ਨਹੀਂ ਰਹਿਣਗੀਆਂ ਜੋ ਉਨ੍ਹਾਂ ਕੋਲ ਮੁਖੀਆਂ ਵਜੋਂ ਸਨ। ਇਨ੍ਹਾਂ ਅਧਿਕਾਰੀਆਂ ਨੂੰ ਦੇਸ਼ ਭਰ ਦੇ ਸਿਖਲਾਈ ਕੇਂਦਰਾਂ ਵਿੱਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਹੈ। ਬਾਕੀਆਂ ਨੂੰ ਟੂਰਿਸਟ ਪੁਲਿਸ, ਹਥਿਆਰਬੰਦ ਪੁਲਿਸ ਬਟਾਲੀਅਨ ਜਾਂ ਉਦਯੋਗਿਕ ਪੁਲਿਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ੇਖ ਹਸੀਨਾ ਦੇ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਹਰ ਪੱਧਰ ‘ਤੇ ਪੁਲਿਸ ‘ਚ ਫੇਰਬਦਲ ਸ਼ੁਰੂ ਹੋ ਗਿਆ ਹੈ। 76 ਸਾਲਾ ਹਸੀਨਾ ਨੇ ਸਰਕਾਰੀ ਨੌਕਰੀਆਂ ਵਿੱਚ ਵਿਵਾਦਤ ਕੋਟਾ ਪ੍ਰਣਾਲੀ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਰਤ ਆ ਗਏ ਸਨ। ਇਸ ਮਗਰੋਂ ਦੇਸ਼ ਵਿੱਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਅਤੇ 84 ਸਾਲਾ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਇਸ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।