ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੱਡਾ ਤੋਹਫ਼ਾ ਦਿੰਦੇ ਹੋਏ ਮੁੱਖ ਮੰਤਰੀ ਦੁੱਧ ਉਤਪਾਦਕ ਪ੍ਰੋਤਸਾਹਨ ਯੋਜਨਾ ਦੇ ਤਹਿਤ 35 ਹਜ਼ਾਰ ਦੁੱਧ ਉਤਪਾਦਕਾਂ ਨੂੰ ਅਪ੍ਰੈਲ, ਮਈ ਅਤੇ ਜੂਨ, 2024 ਲਈ 15 ਕਰੋੜ 59 ਲੱਖ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਤਹਿਤ ਹਰਿਆਣਾ ‘ਚ ਘਰ-ਘਰ ਦੁੱਧ ਦੀ ਸਪਲਾਈ ਕਰਨ ਵਾਲਿਆਂ ਦਾ ਬੀਮੇ ਦਾ ਪ੍ਰੀਮੀਅਮ ਸੂਬਾ ਸਰਕਾਰ ਸਹਿਣ ਕਰੇਗੀ।
ਮੁੱਖ ਮੰਤਰੀ ਨੇ ਆਪਣੇ ਨਿਵਾਸ ਸਥਾਨ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਸੂਬੇ ਭਰ ਦੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੁੱਧ ਉਤਪਾਦਕ ਪ੍ਰੋਤਸਾਹਨ ਯੋਜਨਾ ਤਹਿਤ ਸਾਲ 2022-23 ਦੌਰਾਨ 32 ਕਰੋੜ 51 ਲੱਖ ਰੁਪਏ ਅਤੇ ਸਾਲ 2023-24 ਵਿੱਚ 39 ਕਰੋੜ 37 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਹੋਰ ਅੱਗੇ ਲੈ ਕੇ ਸਰਕਾਰ ਨੇ ਸਾਲ 2024-25 ਦੌਰਾਨ ਸਬਸਿਡੀ ਦੀ ਰਕਮ 6 ਮਹੀਨੇ ਤੋਂ ਵਧਾ ਕੇ ਇਕ ਸਾਲ ਕਰ ਦਿੱਤੀ ਹੈ ਅਤੇ ਅੰਤੋਦਿਆ ਪਰਿਵਾਰਾਂ ਦੇ ਮੈਂਬਰਾਂ ਲਈ ਪ੍ਰੋਤਸਾਹਨ ਰਾਸ਼ੀ 5 ਰੁਪਏ ਤੋਂ ਵਧਾ ਕੇ 10 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਇਹ ਰਕਮ ਦੁੱਧ ਯੂਨੀਅਨਾਂ ਵੱਲੋਂ ਦਿੱਤੀ ਜਾਂਦੀ ਦੁੱਧ ਦੀ ਕੀਮਤ ਤੋਂ ਇਲਾਵਾ ਹੋਵੇਗੀ। ਇਸ ਲਈ ਇਸ ਵਿੱਤੀ ਸਾਲ ਵਿੱਚ 100 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।