ਬਿਹਾਰ ਦੇ ਹਾਜੀਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਡੀ.ਜੇ ਟਰਾਲੀ ‘ਤੇ ਸਵਾਰ 9 ਕਾਵੜੀਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਇੰਡਸਟਰੀਅਲ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ਦੀ ਹੈ। ਮਰਨ ਵਾਲੇ ਸਾਰੇ ਨੌਜਵਾਨ ਘੱਟ ਉਮਰ ਦੇ ਸਨ, ਜੋ ਡੀ.ਜੇ ਟਰਾਲੀ ‘ਤੇ ਸਵਾਰ ਹੋ ਕੇ ਪਹਿਲਜਾ ਘਾਟ ਨੂੰ ਜਾ ਰਹੇ ਸਨ। ਦਰਅਸਲ ਇਨ੍ਹਾਂ ਕਾਵੜੀਆਂ ਨੇ ਜਲ ਲੈ ਕੇ ਆਪਣੇ ਪਿੰਡ ਦੇ ਮੰਦਰ ਵਿੱਚ ਜਲਾਭਿਸ਼ੇਕ ਕਰਨਾ ਸੀ ਪਰ ਇਸ ਤੋਂ ਪਹਿਲਾਂ ਭਗਵਾਨ ਦੇ ਮਨ ਵਿੱਚ ਕੁਝ ਹੋਰ ਸੀ। ਡੀ.ਜੇ ਟਰਾਲੀ ਜਿਵੇਂ ਹੀ ਸੁਲਤਾਨਪੁਰ ਪਿੰਡ ਤੋਂ ਬਾਹਰ ਨਿਕਲੀ ਤਾਂ ਡੀ.ਜੇ ਦਾ ਹਾਰਨ ਉਪਰੋਂ ਲੰਘਦੀ 11 ਹਜ਼ਾਰ ਵੋਲਟ ਦੀ ਹਾਈ ਟੈਂਸ਼ਨ ਤਾਰ ਨਾਲ ਟਕਰਾ ਗਿਆ ਅਤੇ ਟਰਾਲੀ ਨੂੰ ਕਰੰਟ ਲੱਗ ਗਿਆ। ਇਸ ਕਾਰਨ ਟਰਾਲੀ ਨੂੰ ਅੱਗ ਲੱਗ ਗਈ ਅਤੇ ਇਸ ਵਿੱਚ ਸਵਾਰ ਸਾਰੇ ਲੋਕ ਜ਼ਿੰਦਾ ਸੜ ਗਏ।
ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਫੋਨ ਕਰਕੇ ਲਾਈਨ ਕੱਟੀ ਤਾਂ ਉਦੋਂ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚੋਂ ਚਾਰ ਸੁਲਤਾਨਪੁਰ ਪਿੰਡ ਦੇ ਰਹਿਣ ਵਾਲੇ ਸਨ ਜਦਕਿ ਬਾਕੀ ਚਾਰ ਨਗਰ ਥਾਣਾ ਖੇਤਰ ਦੇ ਜਾਧੂਆ ਤਰਖਾਣ ਟੋਲਾ ਦੇ ਰਹਿਣ ਵਾਲੇ ਸਨ। ਘਟਨਾ ਤੋਂ ਬਾਅਦ ਐਸ.ਡੀ.ਐਮ. ਅਤੇ ਐਸ.ਡੀ.ਪੀ.ਓ. ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਘੰਟਿਆਂਬੱਧੀ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਲਿਆਂਦਾ ਗਿਆ।