ਸਕੂਲੀ ਬੱਚਿਆਂ ਨਾਲ ਭਰਿਆ ਕੈਂਪਰ ਪਲਟਣ ਨਾਲ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿਸ ‘ਚ 2 ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਹਾਦਸਾ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਤਾਰਾਨਗਰ ਥਾਣਾ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਸਕੂਲੀ ਬੱਚੇ ਅਧਿਆਪਕ ਦੀ ਰਿਟਾਇਰਮੈਂਟ ਪਾਰਟੀ ਵਿੱਚ ਜਾ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਕੈਂਪਰ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। 29 ਬੱਚੇ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 3 ਗੰਭੀਰ ਜ਼ਖਮੀਆਂ ਨੂੰ ਉੱਚ ਕੇਂਦਰ ‘ਚ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਅੱਜ ਦੁਪਹਿਰ ਕਰੀਬ 1 ਵਜੇ ਵਾਪਰਿਆ। ਤਾਰਾਨਗਰ ਦੀ ਡੀ.ਐਸ.ਪੀ. ਮੀਨਾਕਸ਼ੀ ਨੇ ਦੱਸਿਆ ਕਿ ਮੇਘਸਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਅਧਿਆਪਕ ਭਾਗੂਰਾਮ ਅੱਜ ਸੇਵਾਮੁਕਤ ਹੋ ਗਏ।
ਜਿੰਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ ਧੀਰਵਾਸ ਪਿੰਡ ਤੋਂ ਨਿਕਲੇ ਸਨ । ਇਸੇ ਦੌਰਾਨ ਧੀਰਵਾਸ ਤੋਂ ਮੇਘਸਰ ਰੋਡ ’ਤੇ ਨਾਥੋਂ ਕੀ ਢਾਣੀ ਨੇੜੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਬੋਲੈਰੋ ਕੈਂਪਰ ਪਲਟ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਲਿਲਕੀ ਵਾਸੀ ਕ੍ਰਿਸ਼ਨ ਮੀਨਾ (50) ਅਤੇ ਮੇਘਸਰ ਵਾਸੀ ਆਦਿਤਿਆ (12) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਿੰਨ ਗੰਭੀਰ ਜ਼ਖਮੀ ਰਾਹੁਲ (15), ਮੋਨਿਕਾ (10) ਅਤੇ ਰੌਨਕ (11) ਨੂੰ ਚੁਰੂ ਦੇ ਡੀ.ਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ।