ਗੁਜਰਾਤ ਦੇ ਸੌਰਾਸ਼ਟਰ ਖੇਤਰ ‘ਚ ਭਾਰੀ ਮੀਂਹ ਕਾਰਨ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਜਾਮ ਖੰਭਾਲੀਆ ਕਸਬੇ ‘ਚ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇਕ ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰ ਦੀਆਂ ਦੋ ਧੀਆਂ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਯਾਨੀ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਘਰ ਦੀ ਹਾਲਤ ਖਸਤਾ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੀਤੀ ਸ਼ਾਮ ਨੂੰ ਜਾਮ ਖੰਭਾਲੀਆ ਸ਼ਹਿਰ ਦੇ ਗਗਵਾਨੀ ਫਲੀ ਇਲਾਕੇ ਵਿੱਚ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ ਕਰੀਬ ਛੇ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਇਮਾਰਤ ਢਹਿ ਗਈ ਸੀ, ਜਿਸ ਤੋਂ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.), ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਨੇ ਬਚਾਅ ਮੁਹਿੰਮ ਚਲਾਈ ਅਤੇ ਮਲਬੇ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੇਸ਼ਰਬੇਨ ਕੰਜਾਰੀਆ (65), ਪ੍ਰੀਤੀਬੇਨ ਕੰਜਾਰੀਆ (15) ਅਤੇ ਪਾਇਲਬੇਨ ਕੰਜਾਰੀਆ (18) ਵਜੋਂ ਹੋਈ ਹੈ।