ਅਮਰੀਕੀ ਫੌਜ ਦਾ ਜਹਾਜ਼ ਸੀ-147 104 ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਹੈ। ਇਹ ਜਹਾਜ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਭੇਜਿਆ ਗਿਆ ਸੀ। ਜਹਾਜ਼ ‘ਚ 13 ਬੱਚੇ, 25 ਔਰਤਾਂ ਅਤੇ 79 ਪੁਰਸ਼ ਸਵਾਰ ਸਨ। ਇਨ੍ਹਾਂ ਵਿਚੋਂ 33 ਭਾਰਤੀ ਨਾਗਰਿਕ, ਜੋ ਗੁਜਰਾਤ ਦੇ ਹਨ, ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਿੱਧਾ ਗੁਜਰਾਤ ਭੇਜਿਆ ਜਾਵੇਗਾ। ਇਨ੍ਹਾਂ ‘ਚ ਪੰਜਾਬ ਦੇ 30, ਉੱਤਰ ਪ੍ਰਦੇਸ਼ ਦੇ 3, ਹਰਿਆਣਾ ਦੇ 33, ਚੰਡੀਗੜ੍ਹ ਦੇ 2 ਅਤੇ ਮਹਾਰਾਸ਼ਟਰ ਦੇ 3 ਲੋਕ ਸ਼ਾਮਲ ਹਨ।
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਖ਼ਾਸਕਰ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਲਏ ਗਏ ਰਸਤੇ ‘ਤੇ। ਅੰਮ੍ਰਿਤਸਰ ਪੁਲਿਸ ਨੇ ਏਵੀਏਸ਼ਨ ਕਲੱਬ ਵੱਲ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਸੁਰੱਖਿਆ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਗਰਿਕਾਂ ਨੂੰ ਪਹਿਲਾਂ ਏਵੀਏਸ਼ਨ ਕਲੱਬ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦੇ ਪੂਰੇ ਬੈਕਗ੍ਰਾਊਂਡ ਚੈੱਕ, ਕ੍ਰਿਮੀਨਲ ਰਿਕਾਰਡ ਅਤੇ ਇਮੀਗ੍ਰੇਸ਼ਨ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਾਲ ਹੀ, ਜਿਨ੍ਹਾਂ ਰਾਜਾਂ ਨਾਲ ਇਹ ਲੋਕ ਸਬੰਧਤ ਹਨ, ਉਨ੍ਹਾਂ ਦੇ ਰਾਜ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਵਾਪਸੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੀਡੀਆ ਨੂੰ ਇਨ੍ਹਾਂ ਨਾਗਰਿਕਾਂ ਨਾਲ ਜੁੜੀ ਕੋਈ ਵੀ ਜਾਣਕਾਰੀ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਤਾਂ ਜੋ ਪ੍ਰਕਿ ਰਿਆ ‘ਚ ਕੋਈ ਰੁਕਾਵਟ ਨਾ ਆਵੇ। ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਪ੍ਰਵਾਸੀਆਂ ਦਾ ਸਵਾਗਤ ਕਰੇਗੀ ਅਤੇ ਹਵਾਈ ਅੱਡੇ ‘ਤੇ ਕਾਊਂਟਰ ਸਥਾਪਤ ਕਰੇਗੀ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕੀ ਸਰਕਾਰ ਦੇ ਫ਼ੈੈਸਲੇ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਬਜਾਏ ਸਥਾਈ ਨਿਵਾਸ ਦਿੱਤਾ ਜਾਣਾ ਚਾਹੀਦਾ ਸੀ ਕਿਉਂਕਿ ਉਨ੍ਹਾਂ ਨੇ ਅਮਰੀਕਾ ਦੀ ਆਰਥਿਕਤਾ ਵਿਚ ਯੋਗਦਾਨ ਪਾਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਭਾਰਤੀ ਵਰਕ ਪਰਮਿਟ ‘ਤੇ ਅਮਰੀਕਾ ਵਿੱਚ ਦਾਖਲ ਹੋਏ ਸਨ ਪਰ ਜਦੋਂ ਉਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਗਈ ਤਾਂ ਉਹ ਗੈਰ-ਕਾਨੂੰਨੀ ਪ੍ਰਵਾਸੀ ਬਣ ਗਏ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ‘ਤੇ ਵਿਚਾਰ ਵਟਾਂਦਰੇ ਲਈ ਅਗਲੇ ਹਫ਼ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਅਤੇ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਪ੍ਰਕਿ ਰਿਆ ਅਪਣਾਉਣ। ਉਨ੍ਹਾਂ ਹੁਨਰ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਦੀ ਵਰਤੋਂ ਵਿਸ਼ਵ ਭਰ ਵਿੱਚ ਉਪਲਬਧ ਮੌਕਿਆਂ ਦਾ ਲਾਭ ਲੈਣ ਲਈ ਕੀਤੀ ਜਾ ਸਕਦੀ ਹੈ।
ਪਿਛਲੇ ਮਹੀਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਤੋਂ ਹੀ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੰਕੀ ਰੂਟ ਅਤੇ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਵਿਚ ਦਾਖਲ ਹੋਏ ਕਈ ਪੰਜਾਬੀ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਇਹ ਭਾਰਤੀ ਸਮੂਹ ਮੈਕਸੀਕੋ-ਅਮਰੀਕਾ ਸਰਹੱਦ ਤੋਂ ਫੜਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਭਾਰਤ ਤੋਂ ਕਾਨੂੰਨੀ ਤੌਰ ‘ਤੇ ਅਮਰੀਕਾ ਗਏ ਸਨ ਪਰ ਉਨ੍ਹਾਂ ਨੇ ਡੰਕੀ ਰੂਟ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੇ ਘਰ ਆ ਕੇ ਕੀਤੇ ਕਈ ਖੁਲਾਸੇ
ਟਰੰਪ ਸਰਕਾਰ ਵੱਲੋਂ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ‘ਚੋਂ ਇਕ ਵਿਅਕਤੀ ਟਾਂਡਾ ਦੇ ਦਾਰਾਪੁਰ ਦਾ ਰਹਿਣ ਵਾਲਾ ਹੈ ਅਤੇ ਦੂਜਾ ਟਾਹਲੀ ਪਿੰਡ ਦਾ ਰਹਿਣ ਵਾਲਾ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਟਾਹਲੀ ਪਿਛਲੇ ਮਹੀਨੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਲ ਹੋਇਆ ਸੀ ਅਤੇ ਫੜੇ ਜਾਣ ਤੋਂ ਬਾਅਦ ਉਹ ਕੈਂਪ ‘ਚ ਹੀ ਸੀ।
ਹਰਵਿੰਦਰ ਦੀ ਪਤਨੀ ਕੁਲਜਿੰਦਰ ਕੌਰ ਨੇ ਦੱਸਿਆ ਕਿ ਉਹ 8 ਮਹੀਨਿਆਂ ਤੋਂ ਘਰੋਂ ਅਮਰੀਕਾ ਗਿਆ ਹੋਇਆ ਸੀ। ਕੁਲਜਿੰਦਰ ਕੌਰ ਨੇ ਦੱਸਿਆ ਕਿ 42 ਲੱਖ ਰੁਪਏ ਲੈਣ ਦੇ ਬਾਵਜੂਦ ਪਿੰਡ ਦੇ ਇਕ ਏਜੰਟ ਨੇ ਉਸ ਦੇ ਪਤੀ ਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਭੇਜਣ ਦੀ ਬਜਾਏ ਦੌਕੀ ਰਾਹੀਂ ਧੋਖਾ ਦੇ ਕੇ ਅਮਰੀਕਾ ਭੇਜ ਦਿੱਤਾ। ਉਸ ਦੇ ਪਤੀ ਨੇ 15 ਜਨਵਰੀ ਨੂੰ ਉਸ ਨੂੰ ਇੱਕ ਟੈਕਸਟ ਸੰਦੇਸ਼ ਭੇਜਿਆ ਜਿਸ ਵਿੱਚ ਉਸਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਅਮਰੀਕੀ ਸਰਹੱਦ ਪਾਰ ਕਰ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਅੱਜ ਉਨ੍ਹਾਂ ਨੂੰ ਦੇਸ਼ ਪਰਤਣ ਦੀ ਜਾਣਕਾਰੀ ਦਿੱਤੀ ਗਈ। ਉਸਨੇ ਕਿਹਾ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਸੀ ਅਤੇ ਉਸਨੂੰ ਏਜੰਟ ਨੂੰ ਵਿਆਜ ‘ਤੇ ਪੈਸੇ ਦਿੱਤੇ ਸਨ। ਵਾਪਸ ਭੇਜੇ ਗਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਸਨ ਅਤੇ ਉਨ੍ਹਾਂ ਦੀਆਂ ਲੱਤਾਂ ਜੰਜੀਰਾਂ ਨਾਲ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਉਣ ਤੋਂ ਬਾਅਦ ਹੀ ਖੋਲ੍ਹਿਆ ਗਿਆ ਸੀ। ਇਹ ਗੱਲਾਂ ਸੁਣ ਕੇ ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
ਦੂਜਾ ਵਿਅਕਤੀ ਸੁਖਪਾਲ ਪੁੱਤਰ ਪ੍ਰੇਮ ਪਾਲ ਵਾਸੀ ਦਾਰਾਪੁਰ ਟਾਂਡਾ ਹੈ, ਜੋ 8 ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਇਟਲੀ ਗਿਆ ਸੀ ਅਤੇ ਬਾਅਦ ‘ਚ ਅਮਰੀਕਾ ‘ਚ ਦਾਖਲ ਹੁੰਦੇ ਹੋਏ ਉਸ ਨੂੰ ਫੜ ਲਿਆ ਗਿਆ। ਸੁਖਪਾਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਉਸ ਦੇ ਦੇਸ਼ ਨਿਕਾਲੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਮੀਡੀਆ ਰਿਪੋਰਟਾਂ ਰਾਹੀਂ ਇਸ ਬਾਰੇ ਪਤਾ ਲੱਗਾ। ਸੁਖਪਾਲ ਪਿਛਲੇ ਸਾਲ ਅਕਤੂਬਰ ‘ਚ ਵਰਕ ਪਰਮਿਟ ‘ਤੇ ਇਟਲੀ ਗਿਆ ਸੀ। ਆਖਰੀ ਵਾਰ ਮੈਂ ਉਸ ਨਾਲ 22 ਦਿਨ ਪਹਿਲਾਂ ਗੱਲ ਕੀਤੀ ਸੀ। ਉਸਨੇ ਇਸ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਕਿ ਉਹ ਅਮਰੀਕਾ ਕਿਵੇਂ ਪਹੁੰਚੇ। ਡਿਪੋਰਟ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਦੋਵਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ।
ਅਮਰੀਕਾ ਵੱਲੋ ਡਿਪੋਰਟ ਕੀਤੇ ਭਾਰਤੀਆਂ ਵਾਲੇ ਕੀਤੇ ਗਏ ਵਰਤਾਰੇ ਨੂੰ ਲੈ ਕੇ ਬੋਲੇ ਮੁੱਖ ਮੰਤਰੀ ਮਾਨ
ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਇਕ ਪੋਸਟ ਸਾਂਝੀ ਕਰਦਿਆਂ ਲਿ ਖਿਆ, ਜੋ ਅਮਰੀਕਾ ਨੇ ਕੀਤਾ, ਉਸਦਾ ਬੇਹੱਦ ਅਫ਼ਸੋਸ ਹੈ। ਅਮਰੀਕਾ ਦੁਆਰਾ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ।
ਮਾਨਸਿਕ ਅਤੇ ਆਰਥਿਕ ਤੌਰ ‘ਤੇ ਟੁੱਟੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਦੀ ਥਾਂ ਮੋਦੀ ਜੀ ਦੀ ਹਰਿਆਣਾ ਸਰਕਾਰ ਵਲੋਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ ‘ਚ ਲੈ ਕੇ ਜਾਣਾ, ਜ਼ਖ਼ਮਾਂ ਉੱਤੇ ਲੂਣ ਲਾਉਣ ਦੇ ਬਰਾਬਰ ਹੈ।
ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਕੀਤੀ ਨਿੰਦਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਨਿੰਦਾ ਕੀਤੀ ਹੈ, ਇਸਨੂੰ ਦੇਸ਼ ਦਾ ਅਪਮਾਨ ਦੱਸਿਆ ਹੈ। ਐਕਸ ‘ਤੇ ਇੱਕ ਪੋਸਟ ਵਿੱਚ, ਬਾਦਲ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਫੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਵਾਪਸ ਭੇਜਣ ਦੀ ਆਲੋਚਨਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਮਲਾ ਅਮਰੀਕੀ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ।
ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਉਹ ਦੇਸ਼ ਦਾ ਅਪਮਾਨ ਹੈ। ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ ਹਨ, ਅਪਰਾਧੀ ਨਹੀਂ। ਉਨ੍ਹਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਭਾਰਤੀਆਂ ਨਾਲ ਅਜਿਹਾ ਵਿਵਹਾਰ ਨਾ ਹੋਵੇ।
ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਹਮਲਾ ਬੋਲਿਆ ਕਿ ਉਹ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੇ ਹਨ, ਜੋ ਕਿ ਨੌਜਵਾਨਾਂ ਨੂੰ ਅਣਅਧਿਕਾਰਤ ਪ੍ਰਵਾਸ ਲਈ ਲੁਭਾਉਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਦਨਾਮ ਟਰੈਵਲ ਏਜੰਟਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਹੈ ਜਿਨ੍ਹਾਂ ਨੇ ਸਾਡੇ ਮਹੱਤਵਾਕਾਂਖੀ ਪੰਜਾਬੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਹੈ। ਅਕਾਲੀ ਆਗੂ ਨੇ ਅੱਗੇ ਮੰਗ ਕੀਤੀ ਕਿ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਨ੍ਹਾਂ ਟ੍ਰੈਵਲ ਏਜੰਟਾਂ ਨੂੰ ਸਜ਼ਾ ਦਿੱਤੀ ਜਾਵੇ, ਅਤੇ ਵਿਦੇਸ਼ਾਂ ਵਿੱਚ ਬਿਹਤਰ ਮੌਕਿਆਂ ਦੀ ਭਾਲ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾਉਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।
ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਡਿਪੋਰਟ ਕਰਨ ਦੇ ਤਰੀਕਿਆਂ ਉੱਤੇ ਚੁੱਕੇ ਸਵਾਲ
ਸੁਰਜੇਵਾਲਾ ਨੇ ਕਿਹਾ, “ਕੀ ਭਾਰਤੀ ਸਰਕਾਰ ਨੂੰ ਪਤਾ ਸੀ ਕਿ 5 ਫਰਵਰੀ ਨੂੰ 104 ਭਾਰਤੀਆਂ ਦੇ ਹੱਥ-ਪੈਰ ਬੰਨ੍ਹ ਕੇ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੂੰ ਇੱਕ ਬਾਥਰੂਮ ਵਾਲੇ ਜਹਾਜ਼ ਵਿੱਚ 14 ਘੰਟਿਆਂ ਦੇ ਸਫ਼ਰ ਦੌਰਾਨ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਅਣਮਨੁੱਖੀ ਵਿਹਾਰ ਕਰਦਿਆਂ ਭਾਰਤ ਵਾਪਸ ਭੇਜਿਆ ਹੈ।”
ਉਨ੍ਹਾਂ ਕਿਹਾ, “ਕਰੀਬ 7 ਲੱਖ 25 ਹਜ਼ਾਰ ਭਾਰਤੀ ਅਮਰੀਕਾ ਵਿੱਚ ਚੰਗੀ ਜ਼ਿੰਦਗੀ ਦੀ ਉਮੀਦ ਨਾਲ ਗਏ ਸਨ। ਉਹ ਇਸ ਲਈ ਗਏ ਕਿਉਂਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਪੂਰੇ ਨਹੀਂ ਕੀਤੇ। ਲੋਕਾਂ ਨੂੰ ਜਿਸ ਤਰੀਕੇ ਨਾਲ ਬੇੜੀਆਂ ਵਿੱਚ ਬੰਨਿਆ ਗਿਆ, ਕੀ ਉਹ ਅੱਤਵਾਦੀ ਸਨ? ਸਰਕਾਰ ਚੁੱਪ ਕਿਉਂ ਹੈ?”
“ਹਜ਼ਾਰਾਂ ਭਾਰਤੀਆਂ ਨੂੰ ਅਮਰੀਕੀ ਡਿਟੈਸ਼ਨ ਸੈਂਟਰਾਂ ਵਿੱਚ ਬੰਦ ਕੀਤਾ ਹੋਇਆ ਹੈ, ਉਹ ਕਿਵੇਂ ਭਾਰਤ ਆਉਣਗੇ? ਕੀ ਪ੍ਰਧਾਨ ਮੰਤਰੀ ਮੋਦੀ ਇਹ ਨਹੀਂ ਕਹਿ ਸਕਦੇ ਕਿ ਭਾਰਤੀਆਂ ਨੇ ਅਮਰੀਕਾ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ, ਤਾਂ ਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ। ਜੇ ਉਹ ਅਜਿਹਾ ਨਹੀਂ ਕਹਿ ਸਕਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਲੈ ਕੇ ਆਉਣਾ ਚਾਹੀਦਾ ਹੈ।”
ਐਸ. ਜੈਸ਼ੰਕਰ ਨੇ ਇਸਦੇ ਸੰਬੰਧ ਵਿੱਚ ਕੀ ਕਿਹਾ
ਐਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਲਾਗੂ ਪ੍ਰਕਿਰਿਆ ਤਹਿਤ ਹੀ ਹੈ।
ਉਨ੍ਹਾਂ ਦੱਸਿਆ, “ਇਸੇ ਪ੍ਰਕਿਰਿਆ ਤਹਿਤ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਜਕੜਨਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਵੀ ਸਾਨੂੰ ਅਮਰੀਕਾ ਵੱਲੋਂ ਦੱਸਿਆ ਗਿਆ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬੰਨਿਆ ਨਹੀਂ ਜਾਵੇਗਾ।”
“ਇਸ ਦੇ ਨਾਲ ਹੀ ਰਾਹ ਵਿੱਚ ਸਾਰਿਆਂ ਦੇ ਖਾਣੇ ਤੇ ਮੈਡੀਕਲ ਐਮਰਜੈਂਸੀ ਦਾ ਖ਼ਿਆਲ ਰੱਖਿਆ ਜਾਵੇਗਾ।”
ਉਨ੍ਹਾਂ ਮੁਤਾਬਕ, “ਇਸ ਸਾਰੇ ਨਿਯਮ ਸਿਵਿਲੀਅਨ ਜਹਾਜ਼ ਤੇ ਫੌਜੀ ਜਹਾਜ਼ ਦੋਵਾਂ ਲਈ ਲਾਗੂ ਹਨ। ਅਸੀਂ ਅਮਰੀਕੀ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਤੇ ਉਨ੍ਹਾਂ ਨੂੰ ਕਹਿ ਰਹੇ ਹਾਂ ਕਿ ਵਾਪਸ ਆ ਰਹੇ ਭਾਰਤੀਆਂ ਨਾਲ ਸਹੀ ਵਤੀਰਾ ਕੀਤਾ ਜਾਵੇ।”
“ਸਾਡਾ ਮੁੱਖ ਧਿਆਨ ਗ਼ੈਰ-ਕਾਨੂੰਨੀ ਪਰਵਾਸ ਦੀ ਸਨਅਤ ਉੱਤੇ ਕਾਬੂ ਰੱਖਣ ਵੱਲ ਅਤੇ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵੱਲ ਹੋਣਾ ਚਾਹੀਦਾ ਹੈ।”
“ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰ ਕੇ ਏਜੰਸੀਆਂ ਗ਼ੈਰ-ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।”