ਸੁਖਬੀਰ ਦੀ ਅਣਗਹਿਲੀ ਕਾਰਨ ਅਕਾਲੀ ਦਲ ਕਮਜ਼ੋਰ ਹੋਇਆ : ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਮਾਗਮ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਅਗਵਾਈ ਹੇਠ ਅੱਜ ਇੱਥੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਵਿੱਚ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ। ਇਸ ਮੌਕੇ ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਥਕ ਤੇ ਸਿੱਖ ਸਿਧਾਤਾਂ ’ਤੇ ਅਮਲ ਕਰਨ ਵਾਲੇ ਆਗੂ ਸਨ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਅਸੂਲਾਂ, ਸਿੱਖ ਸਿਧਾਤਾਂ ਤੇ ਰਵਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ। ਉਨ੍ਹਾਂ ਦੀ ਅਣਗਹਿਲੀ ਕਾਰਨ ਅਕਾਲੀ ਦਲ ਦਿਨੋਂ-ਦਿਨ ਕਮਜ਼ੋਰ ਹੁੰਦਾ ਗਿਆ। ਪੰਜਾਬ ਦੇ ਅਕਾਲੀ ਸੋਚ ਵਾਲੇ ਲੋਕ ਅੱਜ ਵੀ ਪੰਥ ਤੇ ਪੰਜਾਬ ਦੀ ਸ਼ਾਨ ਲਈ ਸੇਵਾ ਕਰਨ ਦੇ ਇੱਛੁਕ ਹਨ।

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਥ ਤੇ ਪੰਜਾਬ ਨੂੰ ਜਲਦੀ ਹੀ ਇੱਕ ਅਜਿਹੀ ਲੀਡਰਸ਼ਿਪ ਦੇਵੇਗੀ ਜੋ ਸਿੱਖ ਸਿਆਸਤ ਅੰਦਰ ਸਾਰਿਆਂ ਦਾ ਵਿਸ਼ਵਾਸ ਮੋੜ ਲਿਆਵੇਗੀ। ਉਨ੍ਹਾਂ ਦੱਸਿਆ ਕਿ ਸੰਤ ਲੌਂਗੋਵਾਲ ਦੀ ਬਰਸੀ 20 ਅਗਸਤ ਨੂੰ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿੱਚ ਮਨਾਈ ਜਾਵੇਗੀ। ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਨਾਲ ਅਕਾਲੀ ਸੋਚ ਵਾਲੇ ਲੋਕਾਂ ਦਾ ਉਤਸ਼ਾਹ ਵਧਿਆ ਹੈ। ਇਸ ਮੌਕੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਅਮਨਵੀਰ ਸਿੰਘ ਚੈਰੀ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *