ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਦੂਜੇ ਦਿਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਚ ਸਮਾਗਮ ਹੋਏ ਜਿਸ ਦੌਰਾਨ ਸੰਤ ਮਹਾਪੁਰਸ਼ਾਂ, ਵਿਦਵਾਨਾਂ, ਪ੍ਰਚਾਰਕਾਂ, ਕਥਾਵਾਚਕਾਂ, ਕੀਰਤਨੀ ਜਥਿਆਂ, ਧਾਰਮਿਕ, ਸਮਾਜਿਕ, ਰਾਜਨੀਤਕ ਆਗੂਆਂ ਨੇ ਸ਼ਿਰਕਤ ਕਰ ਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਪੁਰਸ਼ਾਂ ਦੇ ਜੀਵਨ ਨਾਲ ਸਬੰਧਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਾਰ ਦੇ ਹਰੇਕ ਧਰਮ ਦੇ ਪ੍ਰਸਾਰ ਵਿੱਚ ਉਸ ਦੇ ਪ੍ਰਚਾਰਕਾਂ ਦਾ ਖਾਸ ਰੋਲ ਰਿਹਾ ਹੈ। ਸੰਤ ਈਸ਼ਰ ਸਿੰਘ ਨੇ ਨਿਸ਼ਕਾਮ ਸਿੱਖ ਪ੍ਰਚਾਰਕ ਵਜੋਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿੱਚ ਜੀਵਨ ਦੇ ਕੀਮਤੀ ਵਰ੍ਹੇ ਲਾ ਦਿੱਤੇ। ਉਨ੍ਹਾਂ ਸੀਮਤ ਸਾਧਨਾਂ ਨਾਲ ਦੇਸ਼ ਦੇ ਵੱਖ ਵੱਖ ਖਿੱਤਿਆਂ ਤੋਂ ਇਲਾਵਾ ਪ੍ਰਦੇਸ਼ਾਂ ਤੱਕ ਪਹੁੰਚ ਕਰਕੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਆਪਾ ਵਾਰਿਆ ਜੋ ਆਪਣੇ ਆਪ ਵਿਚ ਮਿਸਾਲ ਹੈ। ਸ੍ਰੀ ਧਾਮੀ ਨੇ ਮੌਜੂਦਾ ਮੁਖੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਇੱਕ ਹੀ ਐਪ ਵਿਚ ਗੁਰਬਾਣੀ ਅਤੇ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਗੁਰਦਾਸ ਦੀਆਂ ਵਾਰਾਂ ਆਦਿ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਈਸ਼ਰ ਮਾਈਕਰੋਮੀਡੀਆ ਵਿੱਚ ਪਰੋ ਕੇ ਗੁਰਬਾਣੀ ਪ੍ਰਚਾਰ ਪ੍ਰਸਾਰ ਦਾ ਨਿਵੇਕਲਾ ਕਾਰਜ ਕੀਤਾ ਹੈ।