ਵਹਿਮ ਭਰਮ ਦੇ ਕਈ ਪੱਖ ਹਨ ਜਿਹਨਾਂ ਵਿਚੋਂ ਸ਼ਗਨ, ਅਪਸ਼ਗਨ ਲੋਕ ਵਿਸ਼ਵਾਸ ਇਹ ਤਿੰਨੋ ਵਧੇਰੇ ਪ੍ਰਬਲ ਹਨ। ਹਰ ਕੰਮ ਤੋਂ ਪਹਿਲਾਂ ਸ਼ਗਨ ਅਤੇ ਅਪਸ਼ਗਨ ਬਾਰੇ ਵਿਚਾਰ ਕੀਤੀ ਜਾਦੀ ਹੈ ਕਿ ਇਹ ਕੰਮ ਕਿਹੜੇ ਵੇਲੇ ਕੀਤਿਆ ਸਿੱਧ ਹੋ ਸਕਦੀ ਹੈ।
ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਨਾਉਣਾ ਸ਼ੁਰੂ ਕੀਤਾ, ਜਿਸ ਨਾਲ ਵੱਖੋ ਵੱਖਰੇ ਵਹਿਮ ਭਰਮ ਵੀ ਪ੍ਰਚਲਿਤ ਹੋ ਗਏ।
ਜਨਮ ਵਿਆਹ ਅਤੇ ਮੌਤ ਸੰਬੰਧੀ :
ਜੇ ਬੱਚਾ ਉਪਰਲੇ ਦੰਦ ਪਹਿਲਾਂ ਕੱਢ ਲਵੇ ਤਾਂ ਉਹ ਮਾਮੇ ਲਈ ਭੈੜਾ ਹੁੰਦਾ ਹੈ। ਜੇਕਰ ਕੋਈ ਬੱਚਾ ਤਿੰਨ ਕੁੜੀਆਂ ਤੋਂ ਬਾਅਦ ਜਨਮੇ ਤਾਂ ਉਸ ਨੂੰ ਤ੍ਰਿਖਲ ਆਖਦੇ ਹਨ । ਜੇਕਰ ਬੱਚਾ ਸਵਾ ਮਹੀਨੇ ਦੇ ਅੰਦਰ ਮਰ ਜਾਵੇ ਅਤੇ ਉਸਦੀ ਮਾਂ ਦਾ ਪਰਛਾਵਾਂ ਕਿਸੇ ਬੱਚੇ ਤੇ ਪੈ ਜਾਵੇ ਤਾਂ ਉਸ ਬੱਚੇ ਨੂੰ ਸੋਕੜੇ ਦੀ ਬੀਮਾਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਆਹ ਸੰਬੰਧੀ ਵਹਿਮ ਭਰਮ ਪਾਏ ਜਾਂਦੇ ਹਨ। ਸਾਹਾ ਅਤੇ ਰਿਸ਼ਤਾ ਕਰਨ ਸਮੇਂ ਦਿਨਾਂ ਅਤੇ ਗ੍ਰਿਹਾਂ ਦਾ ਖਾਸ ਖ਼ਿਆਲ ਰਖਿਆ ਜਾਂਦਾ ਹੈ ।
ਸੂਰਜ ਚੰਦ ਅਤੇ ਤਾਰਿਆਂ ਸੰਬੰਧੀ :
ਸੂਰਜ ਸੰਬੰਧੀ ਇਹ ਵਹਿਮ ਪਾਇਆ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਸੰਗਰਾਂਦ ਨੂੰ ਸੂਰਜ ਦਾ ਬਿੰਬ ਨਿਰਮਲ ਜਲ ਦੇ ਕਟੋਰੇ ਵਿਚ ਉਤਾਰ ਕੇ ਇਕ ਵਰ੍ਹਾ ਪੀਏ ਤਾਂ | ਉਸ ਦਾ ਬੜਾ ਤੇਜ ਪ੍ਰਤਾਪ ਹੁੰਦਾ ਹੈ । ਜੇਕਰ ਨਵੀਂ ਵਿਆਹੀ ਕੁੜੀ ਇਕ ਸਾਲ ਦੂਜ ਦਾ ਨਵਾਂ ਚੰਨ ਚੜ੍ਹਦਾ ਵੇਖੋ ਤਾਂ ਬਜ਼ੁਰਗ ਔਰਤਾਂ ਆਖਦੀਆਂ ਹਨ ਉਸ ਦੇ ਘਰ ਦੂਜ ਦੇ ਚੰਨ ਵਰਗਾ ਪੁੱਤਰ ਜੰਮਦਾ ਹੈ । ਨਵਾਂ ਹਨ ਦੂਜੇ ਜਾਂ ਤੀਜ ਵਾਲਾ ਵੇਖਣਾ ਸ਼ੁਭ ਹੁੰਦਾ ਹੈ। ਚੌਥ ਵਾਲਾ ਚੰਨ ਮਾੜਾ ਮੰਨਿਆ ਗਿਆ ਹੈ। ਇਸੇ ਤਰ੍ਹਾਂ ਤਾਰਾ ਟੁੱਟਣ ਵੇਲੇ ਜੇ ਕੋਈ ਵਿਅਕਤੀ ਉਸ ਸਮੇਂ ਕੱਪੜੇ ਦੀ ਗੰਢ ਮਾਰ ਲਵੇ ਤਾਂ ਉਸ ਦੀ ਹਰ ਇੱਛਾ ਪੂਰੀ ਹੋ ਸਕਦੀ ਹੈ। ਗੰਢ ਮਾਰਨ ਨਾਲ ਟੁੱਟਦੇ ਤਾਰੇ ਦੀ ਦੈਵੀ ਸ਼ਕਤੀ ਗੰਢ ਵਾਲੇ ਸ਼ਖ਼ਸ ਦੇ ਵੱਸ ਹੋ ਜਾਂਦੀ ਹੈ।
ਦਿਨਾਂ ਮਹੀਨਿਆਂ ਸੰਬੰਧੀ :
ਕੁਝ ਵਹਿਮ ਭਰਮ ਦਿਨਾਂ ਮਹੀਨਿਆਂ ਸੰਬੰਧੀ ਵੀ ਪਾਏ ਜਾਂਦੇ ਹਨ। ਬੁੱਧਵਾਰ ਸ਼ੁਰੂ ਕੀਤਾ ਕੰਮ ਸਫਲਤਾ ਨਾਲ ਤੋੜ ਚੜ੍ਹਦਾ ਹੈ –ਬੁੱਧ ਕੰਮ ਸ਼ੁੱਧ । ਨਵੇਂ ਕਪੜੇ ਬੁੱਧਵਾਰ ਅਤੇ ਸ਼ਨੀਚਰਵਾਰ ਵਾਲੇ ਦਿਨ ਪਾਏ ਚੰਗੇ ਹੰਢਦੇ ਹਨ । ਗਹਿਣਾ ਐਤਵਾਰ ਨੂੰ ਪਾਉਣਾ ਚਾਹੀਦਾ ਹੈ ।
“ਬੁੱਧ ਸ਼ਨੀਚਰ ਕੱਪੜਾ ਗਹਿਣਾ ਐਤਵਾਰ ।” ਵੀਰਵਾਰ ਸਿਰ ਨਹੀਂ ਨਹਾਉਣਾ ਚਾਹੀਦਾ ਅਤੇ ਨਾ ਹੀ ਕਪੜੇ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਰਿਜ਼ਕ ਦਾ ਘਾਟਾ ਪੈਂਦਾ ਹੈ । ਸ਼ਨੀਚਰ ਵਾਰ ਅਤੇ ਮੰਗਲਵਾਰ ਸਿਰ ਨੂੰ ਤੇਲ ਨਹੀਂ ਲਾਉਣਾ ਚਾਹੀਦਾ ਹੈ। ਬੁੱਧਵਾਰ ਫ਼ਸਲ ਬੀਜਣੀ ਚਾਹੀਦੀ ਹੈ ਅਤੇ ਮੰਗਲਵਾਰ ਕਟਾਈ ਕਰਨੀ ਚਾਹੀਦੀ ਹੈ। ਜਿਵੇਂ ਕਿਹਾ ਗਿਆ ਹੈ :
ਸਰੀਰਕ ਅੰਗਾਂ ਸੰਬੰਧੀ :
ਕੁਝ ਵਹਿਮ ਭਰਮ ਸਰੀਰ ਦੇ ਅੰਗਾਂ ‘ ਦੇ ਫਰਕਣ ਨਾਲ ਵੀ ਸੰਬੰਧਿਤ ਹਨ । ਆਦਮੀ ਦੀ ਸੱਜੀ ਅੱਖ ਫਰਕੇ ਤਾਂ ਚੰਗੀ ਅਤੇ ਖੱਬੀ ਫਰਕੇ ਤਾਂ ਮਾੜੀ ਹੁੰਦੀ ਹੈ। ਔਰਤ ਦੀ ਖੱਬੀ ਚੰਗੀ ਅਤੇ ਸੱਜੀ ਮਾੜੀ ਹੁੰਦੀ ਹੈ । ਆਦਮੀ ਦੇ ਸੱਜੇ ਹੱਥ ਵਿਚ ਖਾਰਸ਼ ਹੋਵੇ ਤਾਂ ਧਨ ਦੌਲਤ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ, ਜੇ ਖੱਬੀ ਤਲੀ ਤੇ ਹੋਵੇ ਤਾਂ ਖਰਚ ਹੋਣ ਦੀ ਨਿਸ਼ਾਨੀ ਹੈ । ਇਸੇ ਤਰ੍ਹਾਂ ਔਰਤ ਦੀ ਖੱਬੀ ਤਲੀ ਤੇ ਖਾਰਸ਼ ਹੋਵੇ ਤਾਂ ਚੰਗੀ ਹੈ ਅਤੇ ਸੱਜੀ ਤੇ ਮਾੜੀ, ਪੈਰਾਂ ਵਿਚ ਖਾਰਸ਼ ਹੋਵੇ ਤਾਂ ਸਫ਼ਰ ਕਰਨ ਦੀ ਨਿਸ਼ਾਨੀ ਹੈ ।
ਨਜ਼ਰ ਸੰਬੰਧੀ :
ਮਾੜੀ ਨਜ਼ਰ ਤੋਂ ਲੋਕੀਂ ਬਹੁਤ ਡਰਦੇ ਹਨ। ਕਹਿੰਦੇ ਹਨ ਕਿ ਜੇ ਮਾੜੀ ਨਜ਼ਰ ਪੱਥਰ ਤੇ ਪੈ ਜਾਵੇ ਤਾਂ ਪੱਥਰ ਪਾਟ ਜਾਂਦਾ ਹੈ । ਦੁੱਧ ਅਤੇ ਪੁੱਤ ਦੋਹਾਂ ਨੂੰ ਬੁਰੀ ਨਜ਼ਰ ‘ ਤੋਂ ਬਚਾਇਆ ਜਾਂਦਾ ਹੈ । ਦੁੱਧ ਚੋਣ ਤੋਂ ਬਾਅਦ ਬੁਰੀ ਨਜ਼ਰ ਤੋਂ ਬਚਣ ਲਈ ਢੱਕ ਲਿਆ ਜਾਂਦਾ ਹੈ । ਸੋਹਣੇ ਬੱਚੇ ਦੇ ਮੱਥੇ ਤੇ ਕਾਲਾ ਟਿੱਕਾ ਲਗਾ ਦਿੱਤਾ ਜਾਂਦਾ ਹੈ ।ਨਵਾਂ ਮਕਾਨ ਬਣਾ ਕੇ ਉਸ ਦੇ ਮੋਹਰੇ ਕਾਲੀ ਤੌੜੀ ਟੰਗ ਦਿੱਤੀ ਜਾਂਦੀ ਹੈ । ਨਵਾਂ ਸਕੂਟਰ ਕਾਰ ਖਰੀਦਣ ਤੋਂ ਬਾਅਦ ਉਸ ਤੇ ਕਾਲਾ ਰਿਬਨ ਜਾਂ ਕਾਲੀ ਡੋਰੀ ਬੰਨ੍ਹ ਦਿੱਤੀ ਜਾਂਦੀ ਹੈ। ਤੀਵੀਆਂ ਬਾਹਾਂ ਵਿਚ ਪਾਈਆਂ ਸੋਨੇ ਦੀਆਂ ਚੂੜੀਆਂ ਨਾਲ ਕਾਲਾ ਧਾਗਾ ਬੰਨ੍ਹ ਲੈਂਦੀਆਂ ਹਨ । ਫੁੱਲਕਾਰੀ ਦਾ ਕੋਈ ਇਕ ਫੁੱਲ ਅਧੂਰਾ ਰਹਿਣ ਦਿੱਤਾ ਜਾਂਦਾ ਹੈ ਜਾਂ ਕੁਢੱਬਾ ਕੱਢਿਆ ਜਾਂਦਾ ਹੈ। ਮਾੜੀ ਨਜ਼ਰ ਤੋਂ ਬਚਣ ਲਈ ਬੱਚੇ ਦੇ ਗਲ ਵਿਚ ਨਜ਼ਰ ਬੂਟ ਜਾਂ ਸੂਰ ਦਾ ਦੰਦ ਤਾਂਬੇ ਵਿਚ ਮੜ੍ਹਕੇ ਪਾ ਦਿੱਤਾ ਜਾਂਦਾ ਹੈ। ਜੇ ਕਿਸੇ ਬੱਚੇ ਜਾਂ ਪਸ਼ੂ ਨੂੰ ਬੁਰੀ ਨਜ਼ਰ ਲਗ ਜਾਵੇ ਤਾਂ ਉਸ ਦੇ ਮੱਥੇ ਨਾਲ ਸੱਤ ਸੁੱਕੀਆਂ ਮਿਰਚਾਂ ਛੁਹਾਕੇ ਅੱਗ ਵਿਚ ਸੁੱਟ ਦਿੱਤੀਆਂ ਜਾਂਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਧੂੰਆਂ ਅੱਖਾਂ ਨੂੰ ਕੌੜਾ ਨਾ ਲੱਗੇ ਤਾਂ ਸਮਝਿਆ ਜਾਂਦਾ ਹੈ ਕਿ ਉਸ ਨੂੰ ਭੈੜੀ ਨਜ਼ਰ ਲੱਗੀ ਹੋਈ ਹੈ। ਜਿਸ ਵਿਅਕਤੀ ਦੀ ਨਜ਼ਰ ਲੱਗੀ ਹੋਵੇ ਉਸ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਅੱਗ ਵਿਚ ਸੁਟਣ ਨਾਲ ਨਜ਼ਰ ਦਾ ਭੈੜਾ ਅਸਰ ਹਟ ਜਾਂਦਾ ਹੈ। ਹਰ ਪਿੰਡ ਜਾਂ ਸ਼ਹਿਰ ਵਿਚ ਕੁਝ ਅਜੇਹੇ ਮਰਦ ਅਤੇ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਨਜ਼ਰ ਲੱਗਣ ਤੋਂ ਲੋਕੀਂ ਆਪਣੇ ਤੋਂ ਦੁੱਧ, ਪੁੱਤ ਅਤੇ ਹੋਰ ਚੀਜ਼ਾਂ ਨੂੰ ਬਚਾ ਕੇ ਰੱਖਣ ਦਾ ਯਤਨ ਕਰਦੇ ਹਨ ।
ਨਿੱਛ ਸੰਬੰਧੀ :
ਜੇਕਰ ਕਿਸੇ ਕੰਮ ਨੂੰ ਕਰਨ ਲੱਗੇ ਨਿੱਛ ਪੈ ਜਾਵੇ ਤਾਂ ਕੰਮ ਨਾ ਪੂਰਾ ਹੋਣ ਦੀ ਨਿਸ਼ਾਨੀ ਹੈ। ਜੇਕਰ ਕਿਧਰੇ ਜਾਣਾ ਹੋਵੇ ਅਤੇ ਸਾਹਮਣੇ ਤੋਂ ਕੋਈ ਵਿਅਕਤੀ ਨਿੱਛ ਮਾਰ ਦੇਵੇ ਤਾਂ ਕੰਮ ਪੂਰਾ ਨਹੀਂ ਹੁੰਦਾ ਹੈ ਪਰ ਜੇਕਰ ਦੋ ਨਿੱਛਾਂ ਲਗਾਤਾਰ ਪੈ ਜਾਣ ਤਾਂ ਕੰਮ ਹੋਣ ਦੀ ਨਿਸ਼ਾਨੀ ਹੈ । ਜੇਕਰ ਕਿਸੇ ਬੰਦੇ ਦੀ ਪਿੱਠ ਪਿਛੋਂ ਨਿੱਛ ਪਏ ਤਾਂ ਵੀ ਚੰਗੀ ਸਮਝੀ ਜਾਂਦੀ ਹੈ ।