ਪੰਜਾਬ :ਮਸ਼ਹੂਰ ਪਾਦਰੀ ਪ੍ਰਾਫ਼ਿਟ ਬਜਿੰਦਰ ਸਿੰਘ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਦਰਅਸਲ, ਪਾਦਰੀ ਬਜਿੰਦਰ ਸਿੰਘ ਵਿਰੁਧ ਮੋਹਾਲੀ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰਾਫ਼ਿਟ ਬਜਿੰਦਰ ਸਿੰਘ ਵਿਰੁਧ ਜ਼ੀਰਕਪੁਰ ’ਚ 2018 ’ਚ ਜਿਨਸੀ ਸ਼ੋਸ਼ਣ ਮਾਮਲਾ ਦਰਜ ਹੋਇਆ ਸੀ।
ਜਾਣਕਾਰੀ ਅਨੁਸਾਰ 2018 ਵਿਚ, ਬਜਿੰਦਰ ਸਿੰਘ ‘ਤੇ ਇਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿੱਥੇ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਬਜਿੰਦਰ ਸਿੰਘ ਨੇ ਸੈਕਟਰ 63, ਚੰਡੀਗੜ੍ਹ ਵਿਚ ਅਪਣੇ ਘਰ ’ਚ ਉਸ ਨਾਲ ਬਲਾਤਕਾਰ ਕੀਤਾ ਅਤੇ ਜਿਨਸੀ ਸ਼ੋਸ਼ਣ ਦੀ ਇਕ ਵੀਡੀਉ ਵੀ ਰਿਕਾਰਡ ਕੀਤੀ। ਜਿਸ ਸਬੰਧੀ ਉਸ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ। ਪਰ ਉਹ ਨਹੀਂ ਪਹੁੰਚ ਸਕਿਆ ਤੇ ਇਸ ਸਬੰਧ ਵਿਚ ਉਸ ਵਿਰੁਧ ਬੀਤੇ ਦਿਨ ਮੋਹਾਲੀ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਇਸ ਸਬੰਧੀ ਬਜਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਜੇ ਮੇਰੇ ਵਿਰੁਧ ਦਰਜ ਕੇਸ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਸਿਆਸਤਦਾਨਾਂ ਨਾਲ ਮਿਲ ਕੇ 12 ਮਾਰਚ ਨੂੰ ਪੂਰਾ ਪੰਜਾਬ ਬੰਦ ਕਰ ਦੇਣਗੇ। ਇੱਥੇ ਤੁਹਾਨੂੰ ਦਸ ਦਈਏ ਕਿ ਪਾਦਰੀ ਬਜਿੰਦਰ ਸਿੰਘ ‘ਤੇ ਕਪੂਰਥਲਾ ’ਚ ਵੀ ਛੇੜਛਾੜ ਦਾ ਮਾਮਲਾ ਦਰਜ ਹੈ।