ਭਾਰਤ ਵਿੱਚ ਲੋਹਾ 5300 ਸਾਲ ਪਹਿਲਾਂ ਹੀ ਵਰਤਿਆ ਜਾਂਦਾ ਸੀ, ਨਵੀਂ ਖੋਜ ਤੋਂ ਹੋਏ ਵੱਡੇ ਖੁਲਾਸੇ, ਹੋਰ ਕੀ-ਕੀ ਪਤਾ ਚੱਲਿਆ

ਤਮਿਲਨਾਡੂ ਵਿੱਚ ਹਾਲ ਹੀ ਵਿੱਚ ਹੋਈਆਂ ਪੁਰਾਤੱਤਵ ਵਿਭਾਗ ਦੀਆਂ ਖੋਜਾਂ ਵਿੱਚ 5,300 ਸਾਲ ਪਹਿਲਾਂ ਲੋਹੇ ਦੀ ਵਰਤੋਂ ਕੀਤੇ ਜਾਣ ਦੇ ਸਬੂਤ ਮਿਲੇ ਹਨ।

ਤਮਿਲਨਾਡੂ ਦੇ ਪੁਰਾਤੱਤਵ ਵਿਭਾਗ ਦਾ ਦਾਅਵਾ ਹੈ ਕਿ ਇਹ ਖੋਜ ਲੋਹੇ ਦੀ ਵਰਤੋਂ ਨਾਲ ਜੁੜੀਆਂ ਰਵਾਇਤੀ ਸਮਾਂ-ਸੀਮਾਵਾਂ ਦੀਆਂ ਮਿੱਥਾਂ ਨੂੰ ਚੁਣੌਤੀ ਦਿੰਦੀ ਹੈ।

ਅਤੀਤ ਤੋਂ ਪਰਦੇ ਹਟਾਉਂਦੇ ਸਬੂਤ ਅਦੀਚਨੱਲੁਰ ਅਤੇ ਸਿਵਕਲਾਈ ਤੋਂ ਮਿਲੇ।

ਤਮਿਲਨਾਡੂ ਪੁਰਾਤੱਤਵ ਵਿਭਾਗ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਤੁਤੂਕੁਡੀ ਜ਼ਿਲ੍ਹੇ ਵਿੱਚ ਅਦੀਚਨੱਲੁਰ ਅਤੇ ਸਿਵਕਲਾਈ ਵਿਖੇ ਲੱਭੀਆਂ ਗਈਆਂ ਲੋਹੇ ਦੀਆਂ ਕਲਾਕ੍ਰਿਤੀਆਂ 3,345 ਈਸਾ ਪੂਰਵ ਦੇ ਸ਼ੁਰੂ ਦੀਆਂ ਹਨ।

ਇਹ ਖੁਲਾਸਾ ਐਡਵਾਂਸਡ ਡੇਟਿੰਗ ਤਕਨੀਕਾਂ ਜਿਵੇਂ ਕਿ ਐਕਸਲੇਟਰ ਮਾਸ ਸਪੈਕਟ੍ਰੋਮੈਟਰੀ (ਏਐੱਮਐੱਸ) ਨੇ ਕੀਤਾ ਹੈ। ਇਹ ਸੰਸਥਾ ਕਲਾਤਮਕ ਚੀਜ਼ਾਂ ਨਾਲ ਜੁੜੇ ਜੈਵਿਕ ਪਦਾਰਥਾਂ ਦਾ ਵਿਸ਼ਲੇਸ਼ਣ ਕਰਦੀ ਹੈ।

ਮੌਜੂਦਾ ਅਧਿਐਨ ਦਰਸਾਉਂਦਾ ਹੈ ਕਿ ਤਮਿਲ ਨਾਡੂ ਵਿੱਚ ਲੋਹੇ ਦੀ ਵਰਤੋਂ ਉਸ ਸਮੇਂ ਤੋਂ ਕਈ ਸਦੀਆਂ ਪਹਿਲਾਂ ਹੋਣ ਲੱਗੀ ਸੀ ਜਿਸ ਦਾ ਅਨੁਮਾਨ ਹੁਣ ਤੱਕ ਪੁਰਾਤੱਤਵ ਵਿਭਾਗ ਵੱਲੋਂ ਲਾਇਆ ਜਾਂਦਾ ਰਿਹਾ ਹੈ।

ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਮਯੀਲਾਦੁੰਬਰਾਈ ਵਿੱਚ ਹੋਈਆਂ ਖੋਜਾਂ ਦੇ ਆਧਾਰ ‘ਤੇ ਮੰਨਿਆਂ ਜਾਂਦਾ ਹੈ ਕਿ ਤਮਿਲ ਨਾਡੂ ਵਿੱਚ ਲੋਹੇ ਦੀ ਵਰਤੋਂ ਤਕਰੀਬਨ 2,172 ਈਸਾ ਪੂਰਵ ਹੋਣੀ ਸ਼ੁਰੂ ਹੋਈ ਸੀ।

ਹਾਲਾਂਕਿ, ਤਾਜ਼ਾ ਖੋਜਾਂ ਤੋਂ ਦਰਸਾਉਂਦੀਆਂ ਹਨ ਕਿ ਤਮਿਲ ਨਾਡੂ ਵਿੱਚ ਲੋਹੇ ਨੂੰ ਪਿਘਲਾਉਣਾ ਅਤੇ ਇਸ ਦੀ ਵਰਤੋਂ ਤਕਰੀਬਨ 5,350 ਸਾਲ ਪਹਿਲਾਂ ਸ਼ੁਰੂ ਹੋਈ ਸੀ।

ਮੌਜੂਦਾ ਤੱਥ ਤਮਿਲ ਨਾਡੂ ਨੂੰ ਲੋਹੇ ਨੂੰ ਪਿਘਲਾਉਣ ਵਾਲੀਆਂ ਪਹਿਲੀਆਂ ਸੱਭਿਆਤਾਵਾਂ ਦੀ ਕਤਾਰ ਵਿੱਚ ਲਿਆ ਖੜਾ ਕਰਦਾ ਹੈ।

ਲੋਹੇ ਦੀ ਵਰਤੋਂ ਸਬੰਧੀ ਸ਼ੁਰੂਆਤੀ ਖੋਜਾਂ

ਤਮਿਲਨਾਡੂ ਵਿੱਚ ਲੋਹੇ ਦੇ ਇਤਿਹਾਸ ਨੂੰ ਜਾਣਨ ਲਈ ਖੋਜ ਮੰਗਾਡੂ, ਸਲੇਮ ਜ਼ਿਲ੍ਹੇ ਵਿੱਚ ਇੱਕ ਲੋਹੇ ਦੀ ਤਲਵਾਰ ਦੀ ਖੋਜ ਨਾਲ ਸ਼ੁਰੂ ਹੋਈ।

ਪ੍ਰਾਚੀਨ ਯੁੱਗ ਵਿੱਚ ਪਹਿਲੀ ਵਾਰ ਲੋਹੇ ਦੀ ਵਰਤੋਂ ਦੇ ਸਬੂਤ 1,604 ਈਸਾ ਪੂਰਵ ਅਤੇ 1,416 ਈਸਾ ਪੂਰਵ ਦੇ ਵਿਚਕਾਰ ਦੇ ਮਿਲੇ ਸਨ।

ਇਸ ਤੱਥ ਨੇ ਪੁਰਾਤੱਤਵ-ਵਿਗਿਆਨੀਆਂ ਵਿੱਚ ਵਿਆਪਕ ਦਿਲਚਸਪੀ ਪੈਦਾ ਕੀਤੀ, ਜਿਸ ਤੋਂ ਬਾਅਦ ਹੋਰ ਖੁਦਾਈ ਅਤੇ ਵਿਸ਼ਲੇਸ਼ਣ ਕੀਤੇ ਗਏ।

ਇਸ ਤੋਂ ਬਾਅਦ ਦੀਆਂ ਖੋਜਾਂ, ਤਿਰੂਵਨਮਲਾਈ ਜ਼ਿਲ੍ਹੇ ਦੇ ਵਾਂਦਾਵਾਸੀ ਨੇੜੇ ਕਿਲਨਾਮੰਡੀ ਤੋਂ ਲੋਹੇ ਦੀਆਂ ਕਲਾਕ੍ਰਿਤੀਆਂ ਦੇ ਨਾਲ ਮਯੀਲਾਦੁੰਬਰਾਈ ਦੀਆਂ ਕਲਾਕ੍ਰਿਤੀਆਂ ਵੀ ਮਿਲੀਆਂ ਸਨ ਜਿਨ੍ਹਾਂ ਨੇ ਤਮਿਲ ਨਾਡੂ ਦੇ ਧਾਤੂ ਵਿਗਿਆਨ ਦੇ ਇਤਿਹਾਸ ਦੀਆਂ ਸੀਮਾਵਾਂ ਨੂੰ ਜਾਣਨ ਬਾਰੇ ਉਤਸੁਕਤਾ ਪੈਦਾ ਕੀਤੀ।

ਹਰ ਨਵੀਂ ਖੋਜ ਨੇ ਲੋਹੇ ਦੀ ਵਰਤੋਂ ਬਾਰੇ ਨਵੇਂ ਖ਼ੁਲਾਸੇ ਕੀਤੇ। ਹਰ ਵਾਰ ਸਾਬਤ ਹੋਇਆ ਕਿ ਲੋਹੇ ਦੀ ਵਰਤੋਂ ਤਾਂ ਪੁਰਾਣੀ ਤੈਅ ਕੀਤੀ ਗਈ ਤਾਰੀਖ਼ ਤੋਂ ਪੁਰਾਣੀ ਹੈ ਜਿਸ ਦਾ ਸਿੱਟਾ ਅਦੀਚਨੱਲੁਰ ਅਤੇ ਸਿਵਾਕਲਈ ਵਿੱਚ ਹੋਈਆਂ ਹੈਰਾਨ ਕਰਨ ਵਾਲੀਆਂ ਖੋਜਾਂ ਵਿੱਚ ਹੋਇਆ।

ਹੜੱਪਾ ਸੱਭਿਆਤਾ ਅਤੇ ਲੋਹੇ ਦੀ ਵਰਤੋਂ

ਇਹ ਖੋਜਾਂ ਭਾਰਤੀ ਸਭਿਅਤਾ ਦੀ ਵਿਸ਼ਾਲਤਾ ‘ਤੇ ਵੀ ਰੌਸ਼ਨੀ ਪਾਉਂਦੀਆਂ ਹਨ।

ਜਦੋਂ ਕਿ ਉੱਤਰੀ ਭਾਰਤ ਵਿੱਚ ਹੜੱਪਾ ਸਭਿਅਤਾ (3,300 ਬੀਸੀ ਤੋਂ 1,300 ਬੀਸੀ) ਆਪਣੇ ਸ਼ੁਰੂਆਤੀ ਪੜਾਅ ਵਿੱਚ ਸੀ ਅਤੇ ਮੁੱਖ ਤੌਰ ‘ਤੇ ਤਾਂਬੇ ਦੀ ਵਰਤੋਂ ਕੀਤੀ ਜਾ ਰਹੀ ਸੀ ਉਸ ਸਮੇਂ, ਤਮਿਲਨਾਡੂ ਪਹਿਲਾਂ ਹੀ ਲੋਹ ਯੁੱਗ ਵਿੱਚ ਦਾਖਲ ਹੋ ਚੁੱਕਾ ਸੀ।

ਡਾਕਟਰ ਆਰ ਸ਼ਿਵਾਨੰਦਮ, ਤਮਿਲ ਨਾਡੂ ਪੁਰਾਤੱਤਵ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਹਨ।

ਉਨ੍ਹਾਂ ਨੇ ਇਸ ਫ਼ਰਕ ਨੂੰ ਉਜਾਗਰ ਕੀਤਾ ਹੈ,”ਜਦੋਂ ਕਿ ਉੱਤਰੀ ਭਾਰਤ ਵਿੱਚ ਹੜੱਪਾ ਸਭਿਅਤਾ ਤਾਂਬੇ ‘ਤੇ ਨਿਰਭਰ ਕਰਦੀ ਸੀ, ਤਮਿਲਨਾਡੂ ਲੋਹੇ ਦੀ ਤਕਨਾਲੋਜੀ ਵਿੱਚ ਧਾਤੂ ਵਿਗਿਆਨ ਦੇ ਵਿਕਾਸ ਵਿੱਚ ਇੱਕ ਵਧੇਰੇ ਉੱਨਤ ਪੜਾਅ ‘ਤੇ ਸੀ।”

ਲੋਹਾ ਯੁੱਗ ਦੀ ਅਹਿਮੀਅਤ

ਤਾਂਬੇ ਦੇ ਯੁੱਗ ਤੋਂ ਲੋਹ ਯੁੱਗ ਵਿੱਚ ਤਬਦੀਲੀ ਨੇ ਮਨੁੱਖੀ ਸਭਿਅਤਾ ਵਿੱਚ ਇੱਕ ਅਹਿਮ ਛਾਲ ਮਾਰੀ ਸੀ।

ਤਾਂਬੇ ਦੇ ਉੱਲਟ, ਲੋਹਾ ਇੱਕ ਮਜ਼ਬੂਤ ਅਤੇ ਵਧੇਰੇ ਬਹੁਮੁਖੀ ਧਾਤ ਹੈ, ਜਿਸ ਨੇ ਮਨੁੱਖ ਨੂੰ ਉੱਨਤ ਸੰਦਾਂ, ਹਥਿਆਰਾਂ ਅਤੇ ਖੇਤੀ ਸੰਦਾਂ ਦੇ ਵਿਕਾਸ ਦੇ ਸਮਰੱਥ ਬਣਾਇਆ।

ਇਸ ਤਕਨੀਕੀ ਤਬਦੀਲੀ ਨੇ ਜੰਗਲਾਂ ਦੀ ਕਟਾਈ ਦੀ ਸਹੂਲਤ ਦਿੱਤੀ, ਖੇਤੀਬਾੜੀ ਉਤਪਾਦਨ ਦਾ ਵਿਸਤਾਰ ਕੀਤਾ, ਅਤੇ ਅੰਤ ਵਿੱਚ ਸਰਪਲੱਸ ਦੌਲਤ ਅਤੇ ਸ਼ਾਸਨ ਢਾਂਚੇ ਵਾਲੇ ਸੰਗਠਿਤ ਸਮਾਜਾਂ ਦੇ ਉਭਾਰ ਵੱਲ ਵੱਧਣ ਲਈ ਮਨੁੱਖ ਦੀ ਅਗਵਾਈ ਕੀਤੀ।

ਤਾਂਬੇ ਦੇ ਮੁਕਾਬਲੇ ਲੋਹੇ ਦਾ ਉੱਚ ਪਿਘਲਣ ਵਾਲਾ ਬਿੰਦੂ ਵੀ ਸ਼ੁਰੂਆਤੀ ਭੱਠੀਆਂ ਅਤੇ ਪਿਘਲਣ ਦੀਆਂ ਤਕਨੀਕਾਂ ਬਾਰੇ ਦੱਸਦਾ ਹੈ।

ਮਨੁੱਖ ਇਤਿਹਾਸ ਨੂੰ ਰੂਪ-ਰੇਖਾ ਦੇਣ ਵਾਲੇ ਲੋਹੇ ਦੀ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਸਮਾਜ ਅਕਸਰ ਤਕਨੀਕੀ ਅਤੇ ਸੱਭਿਆਚਾਰਕ ਉੱਨਤੀ ਵਿੱਚ ਸਭ ਤੋਂ ਅੱਗੇ ਰਹੇ ਸਨ।

ਦੁਨੀਆ ਭਰ ਵਿੱਚ ਲੋਹੇ ਦੀ ਵਰਤੋਂ

ਵਿਸ਼ਵ ਪੱਧਰ ‘ਤੇ, ਲੋਹੇ ਦੇ ਸਭ ਤੋਂ ਪੁਰਾਣੇ ਸਬੂਤ 3,400 ਈਸਾ ਪੂਰਵ ਦੇ ਹਨ, ਜੋ ਉੱਤਰੀ ਮਿਸਰ ਦੇ ਅਲ-ਗਰਜ਼ੇਹ ਵਿਖੇ ਕਬਰਾਂ ਵਿੱਚ ਮਿਲੇ ਹਨ।

ਹਾਲਾਂਕਿ, ਇਹ ਕਲਾਕ੍ਰਿਤੀਆਂ ਪਿਘਲੇ ਹੋਏ ਲੋਹੇ ਦੀ ਬਜਾਇ ਮੀਟੋਰੀਟਿਕ ਲੋਹੇ ਤੋਂ ਬਣਾਈਆਂ ਗਈਆਂ ਸਨ।

ਮੰਨਿਆ ਜਾਂਦਾ ਹੈ ਕਿ ਲੋਹੇ ਨੂੰ ਪਿਘਲਾਉਣ ਦੀ ਤਕਨੀਕ ਐਨਾਟੋਲੀਆ (ਹੁਣ ਤੁਰਕੀ) ਵਿੱਚ 1,300 ਈਸਾ ਪੂਰਵ ਦੇ ਆਸਪਾਸ ਸ਼ੁਰੂ ਹੋਈ ਸੀ ਅਤੇ ਦੁਨੀਆ ਭਰ ਵਿੱਚ ਫ਼ੈਲ ਗਈ ਸੀ।

ਭਾਰਤ ਵਿੱਚ, ਲੋਹੇ ਨੂੰ ਪਿਘਲਾਉਣਾ ਰਵਾਇਤੀ ਤੌਰ ‘ਤੇ ਤਕਰੀਬਨ 1,000 ਈਸਾ ਪੂਰਵ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਸੀ।

ਹਾਲਾਂਕਿ, ਹਾਲੀਆ ਖੋਜਾਂ, ਜਿਵੇਂ ਕਿ ਅਕਥਾ (ਉੱਤਰ ਪ੍ਰਦੇਸ਼) ਅਤੇ ਗਾਚੀਬੋਵਲੀ (ਤੇਲੰਗਾਨਾ) ਵਿੱਚ ਹੋਈਆਂ ਖੋਜਾਂ ਲੋਹੇ ਦੀ ਵਰਤੋਂ ਨਾਲ ਜੁੜੀ ਸਮਾਂ-ਰੇਖਾ ਨੂੰ ਹੋਰ ਪਿੱਛੇ ਕਰਦੀਆਂ ਹਨ।

ਤਮਿਲ ਨਾਡੂ ਵਿੱਚ ਹੋਈ ਖੋਜ ਹੁਣ ਭਾਰਤ ਵਿੱਚ ਲੋਹੇ ਨੂੰ ਪਿਘਲਾਉਣ ਦੇ ਸਭ ਤੋਂ ਪੁਰਾਣੇ ਚਲਣ ਦੇ ਸਬੂਤ ਦਿੰਦੀ ਹੈ। ਸੰਭਾਵੀ ਤੌਰ ‘ਤੇ ਲੋਹੇ ਦੀ ਤਕਨੀਕ ਦੀ ਸ਼ੁਰੂਆਤ ਅਤੇ ਵਿਸਥਾਰ ਨਾਲ ਜੁੜੀਆਂ ਗਲੋਬਲ ਕਥਾਵਾਂ ਨੂੰ ਮੁੜ ਨਿਰਧਾਰਿਤ ਕਰਦੀ ਹੈ।

ਅਦੀਚਨੱਲੁਰ ਅਤੇ ਸਿਵਕਲਾਈ: ਮੁੱਖ ਖੋਜਾਂ

ਅਦੀਚਨੱਲੁਰ: 220 ਸੈਂਟੀਮੀਟਰ ਦੀ ਡੂੰਘਾਈ ‘ਤੇ ਲੋਹੇ ਦੇ ਨਾਲ ਮਿਲੇ ਜੈਵਿਕ ਪਦਾਰਥ 2,613 ਈਸਾ ਪੂਰਵ ਦੇ ਸਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਦੀਚਨੱਲੁਰ ਦੇ ਵਾਸੀਆਂ ਨੇ ਲੋਹੇ ਨੂੰ ਪਿਘਲਾਉਣ ਵਿੱਚ ਮੁਹਾਰਤ 4,600 ਸਾਲ ਪਹਿਲਾਂ ਹੀ ਹਾਸਲ ਕਰ ਲਈ ਸੀ।

ਸਿਵਾਕਲਾਈ: ਖੁਦਾਈ ਦੌਰਾਨ 3,345 ਈਸਵੀ ਪੂਰਵ ਦੀਆਂ ਲੋਹੇ ਦੀਆਂ ਕਲਾਕ੍ਰਿਤੀਆਂ ਅਤੇ ਜੈਵਿਕ ਪਦਾਰਥਾਂ ਵਾਲੇ ਤਿੰਨ ਕਲਸ਼ ਮਿਲੇ ਹਨ।

ਇਹ ਤੱਥ ਸ਼ੁਰੂਆਤੀ ਹੜੱਪਾ ਕਾਲ ਨਾਲ ਮੇਲ ਖਾਂਦਾ ਹੈ।

ਚੁਣੌਤੀਆਂ ਅਤੇ ਭਵਿੱਖ ਦੀਆਂ ਦਿਸ਼ਾਵਾਂ

ਇਨ੍ਹਾਂ ਸ਼ਾਨਦਾਰ ਖੋਜਾਂ ਦੇ ਬਾਵਜੂਦ, ਤਮਿਲ ਨਾਡੂ ਦੇ ਪੁਰਾਤੱਤਵ ਇਤਿਹਾਸ ਵਿੱਚ ਅਜੇ ਵੀ ਬਹੁਤ ਸਾਰੇ ਰਹੱਸ ਮਨੁੱਖੀ ਗਿਆਨ ਤੋਂ ਓਹਲੇ ਹਨ।

ਉਦਾਹਰਨ ਲਈ, ਜਦੋਂ ਕਿ ਅਦੀਚਨੱਲੁਰ ਵਿੱਚ ਉੱਚ-ਗੁਣਵੱਤਾ ਵਾਲੀਆਂ ਟੀਨ-ਕਾਂਸੀ ਦੀਆਂ ਚੀਜ਼ਾਂ ਲੱਭੀਆਂ ਗਈਆਂ ਹਨ, ਇਸ ਖੇਤਰ ਵਿੱਚ ਸਥਾਨਕ ਟੀਨ-ਕਾਂਸੀ ਉਤਪਾਦਨ ਕੇਂਦਰਾਂ ਦੇ ਸਬੂਤ ਦੀ ਘਾਟ ਹੈ।

ਇਸ ਤੱਥ ਤੋਂ ਇਹ ਸਮਝ ਬਣਦੀ ਹੈ ਕਿ ਤਮਿਲ ਨਾਡੂ ਕਾਂਸੀ ਯੁੱਗ ਦੌਰਾਨ ਇੱਕ ਵਿਸ਼ਾਲ ਵਪਾਰਕ ਨੈੱਟਵਰਕ ਦਾ ਹਿੱਸਾ ਰਿਹਾ ਹੋ ਸਕਦਾ ਹੈ।

ਡਾਕਟਰ ਸ਼ਿਵਾਨੰਦਮ ਮੁਤਾਬਕ, “ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਲੋਹੇ ਦੀਆਂ ਕਲਾਕ੍ਰਿਤੀਆਂ ‘ਤੇ ਭਵਿੱਖ ਦੇ ਅਧਿਐਨ ਇਸ ਗੱਲ ਦੀ ਸਪੱਸ਼ਟ ਸਮਝ ਪ੍ਰਦਾਨ ਕਰਨਗੇ ਕਿ ਲੋਹੇ ਨੂੰ ਪਿਘਲਾਉਣ ਦੀ ਸੂਝ ਮਨੁੱਖ ਨੂੰ ਕਿਵੇਂ ਅਤੇ ਕਦੋਂ ਆਈ।”

ਨਿਰੰਤਰ ਖੋਜ, ਉੱਨਤ ਵਿਗਿਆਨਕ ਤਕਨੀਕਾਂ ਦੇ ਨਾਲ, ਮਨੁੱਖੀ ਸਭਿਅਤਾ ਨੂੰ ਆਕਾਰ ਦੇਣ ਵਿੱਚ ਤਮਿਲ ਨਾਡੂ ਦੀ ਭੂਮਿਕਾ ਨੂੰ ਹੋਰ ਰੋਸ਼ਨ ਕਰ ਸਕਦੀ ਹੈ।

******

Leave a Reply

Your email address will not be published. Required fields are marked *