ਭਰਵੇਂ ਮੀਂਹ ਕਰਕੇ ਪਟਿਆਲਾ ਹੋਇਆ ਜਲ-ਥਲ

ਜ਼ਿਲ੍ਹਾ ਪਟਿਆਲਾ ਵਿੱਚ ਅੱਜ ਭਾਰੀ ਮੀਂਹ ਨਾਲ ਸ਼ਹਿਰੀ ਤੇ ਪੇਂਡੂ ਖੇਤਰ ਜਲ-ਥਲ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸ਼ਾਹੀ ਸ਼ਹਿਰ ਦੀਆਂ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ ਵਿੱਚ 15.2 ਐੱਮਐੱਮ ਮੀਂਹ ਪਿਆ। ਦੂਜੇ ਪਾਸੇ ਮੀਂਹ ਨਾਲ ਪਟਿਆਲਾ ਸ਼ਹਿਰ ਵਿਚ ਨਗਰ ਨਿਗਮ ਦੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਇੱਥੇ ਅਨਾਰਦਾਨਾ ਚੌਕ, ਕੜਾਹ ਵਾਲਾ ਚੌਕ, ਸਮਾਣੀਆਂ ਗੇਟ, ਟੀਵੀ ਹਸਪਤਾਲ, ਅਨਾਰਦਾਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ, ਕਿਲ੍ਹਾ ਚੌਕ, ਮੋਚੀਆਂ ਬਾਜ਼ਾਰ, ਤ੍ਰਿਪੜੀ, ਮਾਡਲ ਟਾਊਨ, ਬਡੂੰਗਰ, ਜੈ ਜਵਾਨ ਕਾਲੋਨੀ, ਗੁਰੂ ਨਾਨਕ ਨਗਰ, ਗੁਰਬਖ਼ਸ਼ ਕਲੋਨੀ, ਅਰਬਨ ਅਸਟੇਟ-2, ਪੰਜਾਬੀ ਬਾਗ਼ ਵਿਚ ਪਏ ਮੀਂਹ ਕਾਰਨ ਬੰਦ ਹੋਏ ਸੀਵਰੇਜ ਕਰਕੇ ਸੜਕਾਂ ’ਤੇ ਪਾਣੀ ਭਰ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਦਸਮੇਸ਼ ਨਗਰ, ਆਨੰਦ ਨਗਰ, ਪ੍ਰੇਮ ਨਗਰ, ਰਣਜੀਤ ਨਗਰ, ਤ੍ਰਿਪੜੀ ਆਦਿ ਖੇਤਰਾਂ ਵਿਚ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਇਕ ਐਕਟਿਵਾ ਸਵਾਰ ਔਰਤ ਸੜਕ ’ਤੇ ਪਏ ਟੋਏ ਵਿੱਚ ਡਿੱਗਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਨੂੰ ਕੋਸਿਆ। ਇੱਥੇ ਬੰਤ ਸਿੰਘ ਝੰਡੀ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਵੱਲੋਂ ਪਾਈਪਾਂ ਪਾਉਣ ਲਈ ਸੜਕਾਂ ਪੁੱਟਣ ਦਾ ਕੰਮ ਕਰੀਬ ਦੋ ਸਾਲ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਇਹ ਮੁਕੰਮਲ ਨਹੀਂ ਹੋਇਆ ਸਗੋਂ ਵਾਰ ਵਾਰ ਸੜਕਾਂ ਪੁੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਧਰ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।

Leave a Reply

Your email address will not be published. Required fields are marked *