ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚਾ ਤਬਾਹ ਕੀਤਾ ਗਿਆ : ਉਗਰਾਹਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਅਕਾਦਿਮਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਲਈ ਲਗਾਇਆ ਡੀਨ ਦਫ਼ਤਰ ਅੱਗੇ ਪੱਕਾ ਧਰਨਾ ਅੱਜ 17ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਕੇਕੇ ਯਾਦਵ ਭਾਰਤ ਸਰਕਾਰ ਦੀਆਂ ਨਿੱਜੀਕਰਨ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਕੇ ਭਾਰਤ ਤੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰੋਫੈਸਰਾਂ ਦੇ ਧਰਨੇ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਜਥੇਬੰਦੀ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੇ ਧਰਨੇ ਵਿੱਚ ਸ਼ਾਮਲ ਹੋਵੇਗੀ। ਇਸ ਸਭ ਲਈ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦਾ ਕਾਰਜਕਾਰੀ ਵਾਈਸ ਚਾਂਸਲਰ ਜ਼ਿੰਮੇਵਾਰ ਹੋਣਗੇ ਅਤੇ ਜਥੇਬੰਦੀ ਕਿਸੇ ਦੀ ਵੀ ਨੌਕਰੀ ਖੋਹਣ ਨਹੀਂ ਦੇਵੇਗੀ। ਇਸ ਧਰਨੇ ਵਿਚ ਪੀਐੱਸਯੂ ਵੱਲੋਂ ਅਮਨਦੀਪ ਸਿੰਘ, ਪੀਆਰਐੱਸਯੂ ਵੱਲੋਂ ਕਰਨਵੀਰ ਸਾਰੋ, ਪੁਗਟਾ ਵੱਲੋਂ ਵਰਿੰਦਰ ਖੁਰਾਣਾ, ਐੱਸਐੱਫਆਈ ਵੱਲੋਂ ਰਾਜਵਿੰਦਰ ਸਿੰਘ, ਅੰਬੇਦਕਰ ਮਿਸ਼ਨ ਮਲੇਰਕੋਟਲਾ ਵੱਲੋਂ ਕੇਵਲ ਸਿੰਘ ਬਾਠਾਂ, ਦਲਿਤ ਡਿਵੈਲਪਮੈਂਟ ਬੋਰਡ ਵੱਲੋਂ ਗੁਰਪ੍ਰੀਤ ਸਿੰਘ, ਕਰਮਚਾਰੀ ਦਲ ਮਾਲੇਰਕੋਟਲਾ ਵੱਲੋਂ ਭਿੰਦਰ ਸਿੰਘ, ਡਾ. ਅੰਬੇਡਕਰ ਸਟੂਡੈਂਟ ਫ਼ਰੰਟ ਆਫ਼ ਇੰਡੀਆ ਤੋਂ ਪ੍ਰੀਤ ਕਾਂਸ਼ੀ ਸਮੇਤ ਹੋਰ ਗੈਸਟ ਪ੍ਰੋਫੈਸਰਾਂ ਨੇ ਸੰਬੋਧਨ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਅਧਿਆਪਕ ਨਾ ਹੋਣ ਕਰਕੇ ਕਾਲਜਾਂ ਵਿੱਚ ਦਾਖ਼ਲੇ ਘੱਟ ਗਏ ਹਨ ਜਿਸ ਨਾਲ ਗ਼ਰੀਬ ਘਰਾਂ ਦੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।

Leave a Reply

Your email address will not be published. Required fields are marked *