ਚੰਡੀਗੜ੍ਹ : ਵਰਨਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਬਠਿੰਡਾ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ’ਤੇ ਬੱਸਾਂ ਚਲਾਏਗੀ, ਪਰ ਉਸ ਸਮੇਂ ਵਿਰੋਧੀ ਪਾਰਟੀਆਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ।
ਪਰ ਹੁਣ ਪੰਜਾਬ ‘ਚ ਜਲਦ ਹੀ ਪਾਣੀ ਹੇਠਾਂ ਚੱਲਣਗੀਆਂ ਬੱਸਾਂ। ਇਸ ਦੇ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਵਿੱਚ ਜਲ ਬੱਸਾਂ ਚਲਾਉਣ ਸਬੰਧੀ ਉੱਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਲ ਬੱਸ ਚਲਾਉਣ ਨੂੰ ਹਰੀ ਝੰਡੀ ਦਿੱਤੀ ਗਈ।
ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਵਿੱਚ ਖੜ੍ਹੀ ਜਲ ਬੱਸ ਦਾ ਨਿਰੀਖਣ ਕੀਤਾ ਹੈ। ਰਣਜੀਤ ਸਾਗਰ ਝੀਲ ਵਿੱਚ ਇਸ ਜਲ ਬੱਸ ਨੂੰ ਚਲਾਉਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਖਰੀਦੀ ਗਈ ਜਲ ਬੱਸ ਦੀ ਹਾਲਤ ਖਰਾਬ ਹੋਣ ਲੱਗੀ ਸੀ। ਫਿਟਨੈਸ ਸਰਟੀਫਿਕੇਟ ਮਿਲਣ ਤੋਂ ਬਾਅਦ ਵਾਟਰ ਬੱਸ ਚਲਾਈ ਜਾਵੇਗੀ ਅਤੇ ਇਸ ਸਬੰਧੀ ਕੁਝ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।