ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਵੋਟਰਾਂ ਨੂੰ ਲੁਭਾਊਣ ਲਈ ਸ਼ਰਾਬ ਦੀ ਵਰਤੋਂ ਕੀਤੇ ਜਾਣ ਦੇ ਦੋਸ਼ ਲੱਗਦੇ ਰਹਿੰਦੇ ਹਨ । ਯਮੁਨਾਨਗਰ ਸਦਰ ਥਾਣਾ ਪੁਲੀਸ ਨੇ ਜੰਮੂ-ਕਸ਼ਮੀਰ ਤੋਂ ਲਿਆਂਦੀ ਗਈ ਸ਼ਰਾਬ ਅਤੇ ਬੀਅਰ ਦੀਆਂ 1550 ਪੇਟੀਆਂ ਬਰਾਮਦ ਕੀਤੀਆਂ ਹਨ । ਇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਟਰੱਕ ਡਰਾਈਵਰ ਕੋਲ ਪਰਮਿਟ ਵਿੱਚ ਦੱਸੇ ਗਏ ਸਮੇਂ ਤੋਂ 40 ਘੰਟੇ ਪਹਿਲਾਂ ਹੀ ਟਰੱਕ ਹਰਿਆਣਾ ਪਹੁੰਚ ਗਿਆ। ਪੁਲੀਸ ਅਤੇ ਆਬਕਾਰੀ ਵਿਭਾਗ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਰਾਬ ਸਮੇਤ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ ।
ਫੜੇ ਗਏ ਇਸ ਟਰੱਕ ਵਿੱਚ 1550 ਦੇ ਕਰੀਬ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਹਨ ਜਿਨ੍ਹਾਂ ਦੀ ਗਿਣਤੀ ਲਗਪਗ 24000 ਬੋਤਲਾਂ ਬਣਦੀਆਂ ਹਨ। ਟਰੱਕ ਡਰਾਈਵਰ ਵੱਲੋਂ ਦਿਖਾਏ ਗਏ ਦਸਤਾਵੇਜ਼ਾਂ ਅਨੁਸਾਰ ਇਹ ਟਰੱਕ ਜੰਮੂ-ਕਸ਼ਮੀਰ ਤੋਂ ਝਾਰਖੰਡ ਵੱਲ ਜਾ ਰਿਹਾ ਸੀ । ਜਦੋਂ ਹਰਿਆਣਾ ਦੀ ਉੱਤਰ ਪ੍ਰਦੇਸ਼-ਹਰਿਆਣਾ ਸਰਹੱਦ ’ਤੇ ਵਿਸ਼ੇਸ਼ ਚੈਕਿੰਗ ਦੌਰਾਨ ਟਰੱਕ ਡਰਾਈਵਰ ਤੋਂ ਉਸ ਦਾ ਰਿਕਾਰਡ ਮੰਗਿਆ ਗਿਆ ਤਾਂ ਉਸ ਨੇ ਦੱਸਿਆ ਕਿ ਪਰਮਿਟ 2 ਸਤੰਬਰ ਦੀ ਰਾਤ 11:55 ਵਜੇ ਤੋਂ ਸ਼ੁਰੂ ਹੋਣਾ ਸੀ ਪਰ ਇਹ ਉਸ ਸਮੇਂ ਤੋਂ ਕਰੀਬ 40 ਘੰਟੇ ਪਹਿਲਾਂ ਹੀ ਹਰਿਆਣਾ ਵਿੱਚ ਦਾਖਲ ਹੋ ਗਿਆ। ਇਨ੍ਹਾਂ ਪਰਮਿਟਾਂ ਨੂੰ ਦੇਖ ਕੇ ਪੁਲੀਸ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ ਤਾਂ ਉਨ੍ਹਾਂ ਨੇ ਐਕਸਾਈਜ਼ ਵਿਭਾਗ ਨੂੰ ਫੋਨ ਕੀਤਾ।