ਪੁਡੂਚੇਰੀ : ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਨੇ ਅੱਜ ਰਾਜ ਵਿਧਾਨ ਸਭਾ ਵਿੱਚ 2025-26 ਲਈ 13,600 ਕਰੋੜ ਰੁਪਏ ਦਾ ਟੈਕਸ ਮੁਕਤ ਬਜਟ ਪੇਸ਼ ਕੀਤਾ ਅਤੇ ਕਿਹਾ ਕਿ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਰਮਿਆਨ ਨੇੜਲੇ ਸਹਿਯੋਗ ਅਤੇ ਤਾਲਮੇਲ ਦੇ ਯਤਨਾਂ ਸਦਕਾ ਮੇਰੀ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਖਾਸ ਕਰਕੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਕਈ ਪ੍ਰਗਤੀਸ਼ੀਲ ਭਲਾਈ ਯੋਜਨਾਵਾਂ ਲਾਗੂ ਕਰ ਰਹੀ ਹੈ।
ਮੁੱਖ ਮੰਤਰੀ ਅਨੁਸਾਰ , ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਆਪਣੀ ਮਾਲੀਆ ਪ੍ਰਾਪਤੀ 7,641.40 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਰਾਜ ਆਫ਼ਤ ਰਾਹਤ ਫੰਡ ਸਮੇਤ ਕੇਂਦਰੀ ਸਹਾਇਤਾ ਦਾ ਅਨੁਮਾਨ 3,432.18 ਕਰੋੜ ਰੁਪਏ ਹੈ। ਕੇਂਦਰੀ ਸੜਕ ਫੰਡ 25 ਕਰੋੜ ਰੁਪਏ ਹੈ ਅਤੇ ਕੇਂਦਰੀ ਪ੍ਰਾਯੋਜਿਤ ਯੋਜਨਾ ਤਹਿਤ ਅਲਾਟਮੈਂਟ 400 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਕੇਂਦਰ ਸਰਕਾਰ ਨੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ 2,101.42 ਕਰੋੜ ਰੁਪਏ ਤੱਕ ਦੇ ਕਰਜ਼ੇ ਸਮੇਤ ਸ਼ੁੱਧ ਉਧਾਰ ਸੀਮਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਨੇ ਚਾਲੂ ਵਿੱਤੀ ਸਾਲ (2024-25) ਵਿੱਚ ਵਿਸ਼ੇਸ਼ ਬਜਟ ਭਾਗਾਂ ਲਈ 2,760 ਕਰੋੜ ਰੁਪਏ ਦੀ ਵੰਡ ਦਾ ਵੀ ਐਲਾਨ ਕੀਤਾ, ਜਿਸ ਵਿੱਚ ਲੰਿਗ ਬਜਟ ਲਈ 1,458 ਕਰੋੜ ਰੁਪਏ, ਯੁਵਾ ਪਹਿਲਕਦਮੀਆਂ ਲਈ 613 ਕਰੋੜ ਰੁਪਏ ਅਤੇ ਗ੍ਰੀਨ ਪ੍ਰੋਜੈਕਟਾਂ ਲਈ 689 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿੱਤੀ ਸਰੋਤਾਂ ਦਾ ਵੱਡਾ ਹਿੱਸਾ ਤਨਖਾਹਾਂ, ਪੈਨਸ਼ਨਾਂ, ਕਰਜ਼ਿਆਂ ਦੀ ਅਦਾਇਗੀ ਅਤੇ ਵਿਆਜ ਦੇ ਭੁਗਤਾਨ ਵਰਗੇ ਵਚਨਬੱਧ ਖਰਚਿਆਂ ‘ਤੇ ਖਰਚ ਹੁੰਦਾ ਹੈ। 13,600 ਕਰੋੜ ਰੁਪਏ ਦੇ ਬਜਟ ਅਨੁਮਾਨ ਵਿਚੋਂ 11,624.72 ਕਰੋੜ ਰੁਪਏ ਮਾਲੀਆ ਖਰਚ ਲਈ ਅਤੇ 1,975.28 ਕਰੋੜ ਰੁਪਏ ਪੂੰਜੀਗਤ ਖਰਚ ਲਈ ਅਲਾਟ ਕੀਤੇ ਗਏ ਹਨ। ਵਿੱਤੀ ਸਾਲ 2025-26 ਦੇ ਪ੍ਰਸਤਾਵਿਤ ਬਜਟ ‘ਚ ਕੁੱਲ ਖਰਚ ਦੇ ਮੁਕਾਬਲੇ ਪੂੰਜੀਗਤ ਖਰਚ ਦੀ ਪ੍ਰਤੀਸ਼ਤਤਾ ਲਗਭਗ 10 ਗੁਣਾ ਵਧ ਕੇ 9.80 ਫੀਸਦੀ ਹੋ ਗਈ ਹੈ, ਜੋ 2021-22 ‘ਚ ਸਿਰਫ 1.66 ਫੀਸਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ 15ਵੀਂ ਵਿਧਾਨ ਸਭਾ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਪੰਜਵਾਂ ਬਜਟ ਹੈ।