ਪੰਜਾਬ ਦੇ ਬਨੂੜ, ਪਟਿਆਲਾ ਵਿੱਚ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਚੰਡੀਗੜ੍ਹ ਡਿਪੂ ਦੀ ਬੱਸ ਦੇ ਡ੍ਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਬੱਸ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਸੀ। ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕੀਤੀ ਗਈ ਹੈ। ਹੁਣ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦੇ ਆਧਾਰ ’ਤੇ ਬਨੂੜ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 19 ਜੁਲਾਈ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰੀ। ਟੋਲ ਪਲਾਜ਼ਾ ‘ਤੇ ਕਾਫੀ ਦੇਰ ਤੱਕ ਆਵਾਜਾਈ ਰੁਕੀ ਰਹੀ। ਇਸ ਦੌਰਾਨ ਉਕਤ ਬੱਸ ਦੇ ਕੰਡਕਟਰ ਨੇ ਟੋਲ ਪਲਾਜ਼ਾ ਦਾ ਬੈਰੀਕੇਡ ਹਟਾ ਦਿੱਤਾ ਅਤੇ ਇਸ ਦੌਰਾਨ ਤਿੰਨ ਤੋਂ ਚਾਰ ਵਾਹਨ ਟੋਲ ਪਲਾਜ਼ਾ ਤੋਂ ਲੰਘ ਗਏ। ਜਿਸ ਤੋਂ ਬਾਅਦ ਜਦੋਂ ਉਕਤ ਬੱਸ ਟੋਲ ਕੱਟ ਕੇ ਰਵਾਨਾ ਹੋਣ ਲੱਗੀ ਤਾਂ ਬੱਸ ਦੇ ਕੰਡਕਟਰ ਵੱਲੋਂ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਗਿਆ।