ਪਟਿਆਲਾ : ਬੀਤੇ ਦਿਨ ਇੱਕ ਨਿੱਜੀ ਹਸਪਤਾਲ ਵਿੱਚ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਮਰਨ ਵਾਲੀ ਔਰਤ ਦਾ ਨਾਮ ਲਖਵਿੰਦਰ ਕੌਰ ਉਮਰ 24 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੇ ਹਸਪਤਾਲ (ਵਾਦੀ ਹਸਪਤਾਲ) ਵਾਲਿਆਂ ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਪਟਿਆਲਾ ਦੇ ਬਹਾਦੁਰਗੜ ਦੀ ਹੈ।
ਦੱਸਣਯੋਗ ਹੈ ਕਿ ਪਰਿਵਾਰ ਵਾਲੇ ਬੀਤੇ ਦਿਨ ਹੀ ਔਰਤ ਦੀ ਡਿਲੀਵਰੀ ਲਈ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡਿਲਿਵਰੀ ਤੋਂ ਪਹਿਲਾਂ ਸਾਰੇ ਟੈਸਟ ਆਦਿ ਬਿਲਕੁਲ ਠੀਕ ਸਨ। ਪਰਿਵਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਡਿਲੀਵਰੀ ਤੋਂ ਬਾਅਦ ਔਰਤ ਦੀ ਰੋਣ ਦੀ ਆਵਾਜ਼ ਆਈ, ਔਰਤ ਦੇ ਪਤੀ ਦੁਆਰਾ ਪੁਛੇ ਜਾਣ ਤੇ ਡਾਕਟਰ ਨੇ ਦੱਸਿਆ ਕਿ “ਸਭ ਕੁੱਝ ਠੀਕ ਹੈ ਘਬਰਾਣ ਦੀ ਜ਼ਰੂਰਤ ਨਹੀਂ ਹੈ” ,ਪਤੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ “ਜੇਕਰ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਮੇਰੀ ਘਰਵਾਲੀ ਨੂੰ ਕਿਸੇ ਦੂਸਰੇ ਹਸਪਤਾਲ ਵਿੱਚ ਰੈਫਰ ਕਰ ਦਿਉ” ਪਰ ਇਸ ਦੇ ਬਾਵਜੂਦ ਡਾਕਟਰਾਂ ਨੇ “ਸਭ ਕੁੱਝ ਠੀਕ ਹੈ ਕਿਹਾ”।
ਇਸ ਤੋਂ ਬਾਅਦ ਡਾਕਟਰ ਦੁਆਰਾ ਪਤੀ ਨੂੰ ਬਲੱਡ ਦਾ ਇਤਜ਼ਾਮ ਕਰਨ ਲਈ ਕਿਹਾ ਗਿਆ, ਜਦੋਂ ਔਰਤ ਦਾ ਪਤੀ ਵਾਪਸ ਆਇਆ ਤਾਂ ਡਾਕਟਰ ਨੇ ਕਿਹਾ ਕਿ ਔਰਤ ਦੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਵੱਲੋਂ ਹਸਪਤਾਲ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤੇ ਹਸਪਤਾਲ ਬੰਦ ਕਰਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਹੋਰ ਪਰਿਵਾਰ ਵਾਲਿਆਂ ਨਾਲ ਅਜਿਹਾ ਨਾ ਹੋਵੇ।