ਟਮਾਟਰ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਹੈ ਅਤੇ ਕੁਝ ਹੀ ਦਿਨਾਂ ‘ਚ 100 ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਗਿਆ ਹੈ, ਜੋ ਕਿ ਆਪਣੇ ਆਪ ‘ਚ ਰਿਕਾਰਡ ਤੋੜ ਵਾਧਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗਰਮੀਆਂ ‘ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਿੰਬੂ ਵੀ 100 ਰੁਪਏ ਤੱਕ ਪਹੁੰਚ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਜੇਕਰ ਕੋਈ 10 ਰੁਪਏ ‘ਚ ਟਮਾਟਰ ਖਰੀਦ ਰਿਹਾ ਹੈ ਤਾਂ ਉਸ ਨੂੰ ਸਿਰਫ ਦੋ ਟਮਾਟਰ ਮਿਲ ਰਹੇ ਹਨ, ਜਦਕਿ ਪਹਿਲਾਂ 10 ਰੁਪਏ ‘ਚ ਕਈ ਟਮਾਟਰ ਮਿਲਦੇ ਸਨ।
ਸਬਜ਼ੀਆਂ ਖਾਸ ਕਰਕੇ ਟਮਾਟਰ ਦੀਆਂ ਕੀਮਤਾਂ ‘ਚ ਭਾਰੀ ਵਾਧੇ ਦਾ ਕਾਰਨ ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ, ਮੀਂਹ ਅਤੇ ਗੜੇਮਾਰੀ ਨੂੰ ਦੱਸਿਆ ਜਾ ਰਿਹਾ ਹੈ। ਵਪਾਰ ਨਾਲ ਜੁੜੇ ਥੋਕ ਵਪਾਰੀਆਂ ਨੇ ਦੱਸਿਆ ਕਿ ਟਮਾਟਰ ਦੀ ਜ਼ਿਆਦਾਤਰ ਫਸਲ ਹਿਮਾਚਲ ਪ੍ਰਦੇਸ਼ ਦੇ ਸੋਲਨ, ਸ਼ਿਮਲਾ, ਨਾਲਾਗੜ੍ਹ, ਬੱਦੀ ਖੇਤਰਾਂ ਤੋਂ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ‘ਚ ਪਹੁੰਚਦੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ‘ਚ ਹੋ ਰਹੀ ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਮਾਲ ਪੂਰੀ ਤਰ੍ਹਾਂ ਖਰਾਬ ਹੋ ਗਿਆ। ਇਸ ਸਮੇਂ ਦੌਰਾਨ ਜਿਨ੍ਹਾਂ ਜ਼ਿਮੀਂਦਾਰਾਂ ਨੇ ਸਿਆਣਪ ਦਿਖਾਉਂਦੇ ਹੋਏ ਆਪਣਾ ਮਾਲ ਬਚਾ ਲਿਆ ਸੀ, ਉਹ ਹੁਣ ਉਨ੍ਹਾਂ ਨੂੰ ਮੰਡੀ ਵਿੱਚ ਮੰਗੇ ਭਾਅ ਵੇਚ ਰਹੇ ਹਨ।