ਰਵਿੰਦਰ ਸਿੰਘ ਲੁਧਿਆਣਾ : (ਜਗਮੇਲ ਸਿੰਘ ਢਿੱਲੋਂ, ਪੂਜਾ)-ਪਿੰਡ ਝੁੰਗੀਆ ਬੇਗਾ ਦੇ ਸਰਪੰਚ ਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜੋ ਸੈਂਟਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਜਿਨ੍ਹਾਂ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਜੋ ਸੱਦਾ ਦਿੱਤਾ ਗਿਆ ਸੀ ਉਸ ਸਬੰਧੀ ਪਿੰਡ ਝੁੰਗੀਆਂ ਬੇਗਾ ਵਿਖੇ ਅਵਤਾਰ ਸਿੰਘ ਪਾਗਲੀ, ਮਨਜੀਤ ਸਿੰਘ ਪ੍ਰਧਾਨ, ਨੰਬਰਦਾਰ ਗੁਰਚਰਨ ਸਿੰਘ, ਦਲਵੀਰ ਸਿੰਘ ਪਾਗਲੀ ਪ੍ਰਧਾਨ ਜਮਹੂਰੀ ਕਿਸਾਨ ਸਭਾ ਵੱਲੋਂ ਇਹਨਾਂ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਮੌਕੇ ਉੱਤੇ ਵੱਖ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ 46 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ । ਕਿਸਾਨ ਜੋ ਅੰਨ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦੇ ਹਨ ਜਿਨ੍ਹਾਂ ਨੂੰ ਕਹਿਣ ਨੂੰ ਤਾਂ ਅੰਨਦਾਤਾ ਕਿਹਾ ਜਾਂਦਾ ਹੈ ਪਰ ਉਹਨਾਂ ਦੀਆਂ ਹੱਕੀ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ । ਇਹਨਾਂ ਬੁਲਾਰਿਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਮੰਨੇ ਤਾਂ ਜੋ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚ ਸਕੇ । ਇਹਨਾਂ ਬੁਲਾਰਿਆਂ ਨੇ ਕਿਹਾ ਕਿ ਅੱਜ ਸਾਰੀ ਦੁਨੀਆ ਵਿੱਚ ਜਿੱਥੇ ਜਿੱਥੇ ਵੀ ਭਾਰਤੀ ਵਸਦੇ ਹਨ ਸਭ ਨੂੰ ਡੱਲੇਵਾਲ ਦੀ ਚਿੰਤਾ ਹੈ ਪਰ ਮੋਦੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ । ਇਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ।