ਕੰਗਨਾ ਦੇ ਬਿਆਨ ਕਾਰਨ ਹਰਿਆਣਾ ’ਚ ਭਾਜਪਾ ਦੀਆਂ ਮੁਸ਼ਕਲਾਂ ਵਧੀਆਂ

ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਤੇ ਜਬਰ-ਜਨਾਹ ਹੋਣ ਸਬੰਧੀ ਦਿੱਤੇ ਬਿਆਨ ਨਾਲ ਸਿਆਸੀ ਪਾਰਾ ਵਧ ਗਿਆ ਹੈ। ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਆਉਣ ਕਰਕੇ ਹਰਿਆਣਾ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਹਾਲਾਂਕਿ ਕੰਗਨਾ ਦੇ ਬਿਆਨ ਤੋਂ ਬਾਅਦ ਭਾਜਪਾ ਆਗੂਆਂ ਨੇ ਚੁੱਪ ਵੱਟ ਲਈ ਹੈ ਜਦਕਿ ਕਿਸਾਨ ਆਗੂਆਂ ਵੱਲੋਂ ਲਗਾਤਾਰ ਭਾਜਪਾ ਨੂੰ ਘੇਰਿਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਕੰਗਨਾ ਨੇ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਹੱਦ ’ਤੇ ਜਬਰ-ਜਨਾਹ ਤੇ ਕਤਲ ਹੋਏ ਸਨ। ਜੇ ਉਸ ਵੇਲੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੋਣੇ ਸਨ। ਜ਼ਿਕਰਯੋਗ ਹੈ ਕਿ ਕੰਗਨਾ ਨੇ ਕਿਸਾਨੀ ਅੰਦੋਲਨ ਸਮੇਂ ਵੀ ਕਈ ਵਾਰ ਕਿਸਾਨਾਂ ਬਾਰੇ ਵਿਵਾਦਿਤ ਬਿਆਨ ਦਿੱਤੇ ਸਨ। ਉਸ ਨੇ ਹੁਣ ਮੁੜ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਸਬੰਧੀ ਬਿਆਨ ਦਿੱਤਾ ਹੈ ਜਿਸ ਨਾਲ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਸਾਨੀ ਅੰਦੋਲਨ ਸਮੇਂ ਸਮੁੱਚੇ ਦੇਸ਼ ਤੋਂ ਕਿਸਾਨਾਂ ਨੇ ਦਿੱਲੀ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਪਰ ਉਸ ਅੰਦੋਲਨ ਦੀ ਅਗਵਾਈ ਪੰਜਾਬ ਤੇ ਹਰਿਆਣਾ ਨੇ ਕੀਤੀ ਸੀ। ਇਸ ਕਰਕੇ ਹਰਿਆਣਾ ਦੇ ਕਿਸਾਨਾਂ ਵਿੱਚ ਕੰਗਨਾ ਦੇ ਬਿਆਨ ਨੂੰ ਲੈ ਕੇ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਅਭਿਮੰਨਿਊ ਕੋਹਾੜ ਨੇ ਕੰਗਨਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਕਤ ਬਿਆਨ ’ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਜੇ ਪ੍ਰਧਾਨ ਮੰਤਰੀ ਜਾਂ ਭਾਜਪਾ ਵੱਲੋਂ ਇਸ ਬਿਆਨ ’ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਾਮਿੰਦਰ ਸਿੰਘ ਪਟਿਆਲ ਨੇ ਕਿਹਾ ਕਿ ਕੰਗਨਾ ਦਾ ਮਾਨਸਿਕ ਸੰਤੁਲਨ ਹਿੱਲ ਗਿਆ ਹੈ। ਉਹ ਖ਼ਬਰਾਂ ਵਿੱਚ ਰਹਿਣ ਲਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। ਇਸ ਬਾਰੇ ਭਾਜਪਾ ਦੀ ਹਾਈਕਮਾਂਡ ਨੂੰ ਉਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਜੇ ਭਾਜਪਾ ਅਜਿਹਾ ਨਹੀਂ ਕਰਦੀ ਤਾਂ ਸਪਸ਼ਟ ਹੋਵੇਗਾ ਕਿ ਕੰਗਨਾ ਨੂੰ ਭਾਜਪਾ ਬੋਲਣ ਲਈ ਸ਼ਹਿ ਦੇ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਜਪਾ ਨੇ ਕਈ ਵਾਰ ਕੋਝੀਆਂ ਚਾਲਾਂ ਚੱਲੀਆਂ ਹਨ। ਹੁਣ ਭਾਜਪਾ ਦੀ ਸੰਸਦ ਮੈਂਬਰ ਜਾਣਬੁੱਝ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਰਹੀ ਹੈ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *