ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਦੀ ਘਟਨਾ ਦੇ ਰੋਸ ਵਜੋਂ ਇੱਥੇ ਗੌਰਮਿੰਟ ਟੀਚਰਜ਼ ਯੂਨੀਅਨ, ਅਧਿਆਪਕ ਦਲ ਪੰਜਾਬ, ਡੀਟੀਐੱਫ, ਕਿਰਤੀ ਕਿਸਾਨ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਐੱਸਸੀ/ਬੀਸੀ ਟੀਚਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਬ੍ਰਾਹਮਣ ਸਭਾ, ਮਹਿਲਾ ਮੰਡਲ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੈਸ਼ਨ, ਡੈਮੋਕਰੈਟਿਕ ਮੁਲਾਜ਼ਮ ਫੈਡਰਸ਼ਨ ਅਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਸ਼ਹਿਰ ’ਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਮਾਸਟਰ ਜਸਵੀਰ ਸਿੰਘ, ਕ੍ਰਿਸ਼ਨ ਵੋਹਰਾ, ਦਲਜੀਤ ਸਿੰਘ ਚੱਕ ਅੰਮ੍ਰਿਤਸਰੀਆ, ਜਰਨੈਲ ਸਿੰਘ ਕੋਟਲੀ, ਹਰਦੀਪ ਟੋਡਰਪੁਰ, ਗੁਰਨਾਮ ਸਿੰਘ ਢੈਂਠਲ, ਕਾਮਰੇਡ ਬਲਵਿੰਦਰ ਸਿੰਘ ਆਦ ਨੇ ਮੰਗ ਕੀਤੀ ਕਿ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸਤੀ ਮੰਦਰ ਪਾਰਕ ਤੋਂ ਸ਼ੁਰੂ ਹੋਇਆ ਇਹ ਮੋਮਬੱਤੀ ਮਾਰਚ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਯੂਨੀਕ ਪਾਰਕ ਪਹੁੰਚ ਕੇ ਸੰਪੰਨ ਹੋਇਆ। ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕੋਲਕਾਤਾ ਵਿੱਚ ਰੈਜ਼ੀਡੈਂਟ ਡਾਕਟਰ ਨਾਲ ਹੋਈ ਦਰਿੰਦਗੀ ਦੇ ਵਿਰੋਧ ਵਿੱਚ ਅੱਜ ਇੱਥੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਵਿੰਦਰ ਕੌਰ ਧੰਜੂ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਬਾਜ਼ਾਰਾਂ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ।
ਇਹ ਮੋਮਬੱਤੀ ਮਾਰਚ ਛੰਨਾ ਮੋੜ ਤੋਂ ਸ਼ੁਰੂ ਹੋ ਕੇ ਬੱਸ ਅੱਡਾ ਦੇਵੀਗੜ੍ਹ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਸਵਿੰਦਰ ਕੌਰ ਧੰਜੂ ਨੇ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਸਮਾਜ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੇ ਸਵਾਲ ਨੂੰ ਵੀ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਬੂਤ ਮਿਟਾਉਣ ਵਾਲੇ ਰੈਕਟ ਦਾ ਪਰਦਾਫਾਸ਼ ਕਰ ਕੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਪ੍ਰੇਮ ਸਿੰਘ ਖਨੇਜਾ, ਗੁਰਿੰਦਰ ਸਿੰਘ ਰਾਜੂ, ਸੋਨੀ ਕਟਕੇੜੀ, ਗੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ।