ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹੁਣ ਭਾਰਤੀ ਮੂਲ ਦੀ ਰੂਬੀ ਢੱਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਰੂਬੀ ਢੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਹਨ ਅਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਨ।
ਰੂਬੀ ਢੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ।
ਜਸਟਿਨ ਟਰੂਡੋ ਵੱਲੋਂ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਹੁਣ ਨਵੇਂ ਆਗੂ ਦੀ ਭਾਲ ਵਿੱਚ ਹੈ।
ਨਵਾਂ ਆਗੂ ਬਣਨ ਦੀ ਇਸ ਦੌੜ ‘ਚ ਭਾਰਤੀ ਮੂਲ ਦੇ ਅਨੀਤਾ ਆਨੰਦ ਵੀ ਸ਼ਾਮਲ ਸਨ ਪਰ ਉਨ੍ਹਾਂ ਨੇ ਆਪਣੇ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ।
ਆਓ ਜਾਣਦੇ ਹਾਂ ਰੂਬੀ ਢੱਲਾ ਬਾਰੇ ਕੁਝ ਖਾਸ ਗੱਲਾਂ….
ਸਾਬਕਾ ਸੰਸਦ ਮੈਂਬਰ ਰੂਬੀ ਢੱਲਾ
ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਰੂਬੀ ਢੱਲਾ ਇਸ ਦੌੜ ਵਿੱਚ ਕੁਝ ਦੇਰ ਨਾਲ ਸ਼ਾਮਲ ਹੋਏ ਹਨ, ਪਰ ਉਨ੍ਹਾਂ ਦਾ ਨਾਮ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ।
ਰੂਬੀ ਢੱਲਾ 2004 ਤੋਂ 2011 ਤੱਕ ਸੀਟ ‘ਤੇ ਰਹੇ ਹਨ। ਰੂਬੀ ਢੱਲਾ ‘ਹਾਊਸ ਆਫ਼ ਕਾਮਨਜ਼’ ਲਈ ਚੁਣੇ ਗਈ ਭਾਰਤੀ ਮੂਲ ਦੇ ਪਹਿਲੀ ਕੈਨੇਡੀਅਨ ਮਹਿਲਾ ਸਨ ।
ਉਨ੍ਹਾਂ ਦੇ ਨਾਲ ਹੀ ਨੀਨਾ ਗਰੇਵਾਲ ਵੀ ਕੰਜ਼ਰਵੇਟਿਵ ਪਾਰਟੀ ਵੱਲੋਂ ਐੱਮਪੀ ਚੁਣੇ ਗਏ ਸਨ।
ਸੀਬੀਸੀ ਨੂੰ ਦਿੱਤੇ ਆਪਣੇ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ ।
ਇਸ ਦੇ ਨਾਲ ਹੀ ਉਹ ਇੱਕ ਹੋਟਲ ਕਾਰੋਬਾਰੀ ਵੀ ਹਨ। ਰੂਬੀ ਢੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ ।
ਢੱਲਾ ਨੇ ਨਿਊਜ਼ ਆਉਟਲੈਟ ਸੀਪੀ24 ਨੂੰ ਦੱਸਿਆ ਕਿ ਉਨ੍ਹਾਂ ਮੁਤਾਬਕ, ਇਸ ਦੌੜ ਵਿੱਚ ਕਿਸੇ ਅਜਿਹੇ ਵਿਅਕਤੀ ਦਾ ਹੋਣਾ ਮਹੱਤਵਪੂਰਨ ਹੈ ਜਿਸ ਕੋਲ ਉੱਦਮੀ ਤਜਰਬਾ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਦੌੜ ਵਿੱਚ ਵਿਭਿੰਨਤਾ ਲੈ ਕੇ ਆਏ ਹਨ। ਰੂਬੀ ਨੇ ਆਪਣੇ ਐਕਸ ਅਕਾਊਂਟ ‘ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਲਿਖਿਆ, ”ਮੈਂ ਕਾਗਜ਼ ਜਮਾਂ ਕਰਵਾ ਦਿੱਤੇ ਹਨ ਅਤੇ ਡਿਪਾਜ਼ਿਟ ਵੀ ਭਰ ਦਿੱਤਾ ਹੈ।”
”ਮੈਂ ਇਸਨੂੰ ਜਿੱਤਣ, ਲਿਬਰਲ ਪਾਰਟੀ ਦੀ ਅਗਲੀ ਆਗੂ ਬਣਨ ਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਆ ਗਈ ਹਾਂ।”
ਉਨ੍ਹਾਂ ‘ਤੇ ਆਪਣੇ ਪਰਿਵਾਰ ਦੁਆਰਾ ਨਿਯੁਕਤ ਕੀਤੇ ਗਏ ਦੋ ਦੇਖਭਾਲ ਕਰਮਚਾਰੀਆਂ ਨਾਲ ਦੁਰਵਿਵਹਾਰ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਸਾਲ 2009 ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ।
ਹਾਲਾਂਕਿ ਢੱਲਾ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਕੰਮ ਕੀਤਾ ਹੈ।
ਹੋਰ ਕਿਹੜੇ ਆਗੂ ਪਾਰਟੀ ਦਾ ਅਗਲਾ ਨੇਤਾ ਬਣਨ ਦੀ ਦੌੜ ‘ਚ ?
ਸਾਬਕਾ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ-
ਟੋਰਾਂਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫ੍ਰੀਲੈਂਡ ਟਰੂਡੋ ਦੀ ਟੀਮ ਦੇ ਸਭ ਤੋਂ ਜਾਣੇ-ਪਛਾਣੇ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੂੰ ਜਸਟਿਨ ਟਰੂਡੋ ਦੀ ਥਾਂ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਨੂੰ ਲੰਬੇ ਸਮੇਂ ਤੋਂ ਟਰੂਡੋ ਦੇ ਨੇੜਲੇ ਦਾਇਰੇ ਵਿੱਚ ਇੱਕ ਭਰੋਸੇਮੰਦ ਸੀਨੀਅਰ ਅਧਿਕਾਰੀ ਵਜੋਂ ਦੇਖਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦਫਤਰ ਨਾਲ ਝਗੜੇ ਕਾਰਨ ਦਸੰਬਰ ਵਿੱਚ ਅਚਾਨਕ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਦੇ ਜਨਤਕ ਅਸਤੀਫ਼ੇ ਦੇ ਪੱਤਰ ਵਿੱਚ ਕੀਤੀ ਗਈ ਟਰੂਡੋ ਦੀ ਆਲੋਚਨਾ ਨੇ ਵੀ ਉਨ੍ਹਾਂ ‘ਤੇ ਦਬਾਅ ਪਾਇਆ, ਜਿਸ ਨਾਲ ਉਨ੍ਹਾਂ ਦਾ ਜਾਣਾ ਤੈਅ ਮੰਨਿਆ ਜਾ ਰਿਹਾ ਸੀ।
ਕ੍ਰਿਸਟੀਆ ਫ੍ਰੀਲੈਂਡ (56) ਨੇ ਪੱਛਮੀ ਸੂਬੇ ਅਲਬਰਟਾ ਵਿੱਚ ਇੱਕ ਯੂਕਰੇਨੀਅਨ ਮਾਂ ਦੇ ਘਰ ਜਨਮ ਲਿਆ, ਜੋ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਸਨ।
ਉਹ 2013 ਵਿੱਚ ਹਾਊਸ ਆਫ ਕਾਮਨ ਵਿੱਚ ਦਾਖਲ ਹੋਏ ਅਤੇ ਦੋ ਸਾਲ ਬਾਅਦ ਜਦੋਂ ਟਰੂਡੋ ਸੱਤਾ ਵਿੱਚ ਆਏ ਤੇ ਫ੍ਰੀਲੈਂਡ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਬਣੇ।
ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਰਹਿ ਕੇ ਕੈਨੇਡਾ ਦੀ ਯੂਐੱਸ ਅਤੇ ਮੈਕਸਿਕੋ ਨਾਲ ਇੱਕ ਮੁਕਤ ਵਪਾਰ ਸਮਝੌਤੇ ਬਾਰੇ ਮੁੜ ਗੱਲਬਾਤ ਸ਼ੁਰੂ ਕਰਵਾਉਣ ‘ਚ ਮਦਦ ਕੀਤੀ।
ਬਾਅਦ ਵਿੱਚ ਉਹ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਬਣੇ। ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਕੈਨੇਡਾ ਦੇ ਵਿੱਤੀ ਪ੍ਰਤੀਕਰਮ ਦੀ ਨਿਗਰਾਨੀ ਕੀਤੀ।
ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਉਨ੍ਹਾਂ ਨੇ ਡੌਨਲਡ ਟਰੰਪ ਵੱਲੋਂ ਅਮਰੀਕੀ ਟੈਰਿਫ ਲਗਾਉਣ ਦੇ ਮਾਮਲੇ ਨਾਲ ਨਜਿੱਠਣ ਵਿੱਚ ਅਸਫਲ ਰਹਿਣ ‘ਤੇ ਟਰੂਡੋ ਦੀ ਆਲੋਚਨਾ ਕੀਤੀ ਸੀ।
ਗਲੋਬ ਅਤੇ ਮੇਲ ਦੀ 2019 ਦੀ ਇੱਕ ਪ੍ਰੋਫਾਈਲ ਵਿੱਚ ਕਿਹਾ ਗਿਆ ਕਿ ਫ੍ਰੀਲੈਂਡ ਹੀ ਲਿਬਰਲ ਪਾਰਟੀ ਦੀ ਇੱਕੋ-ਇੱਕ ਉਮੀਦ ਹੈ।
ਯੂਕਰੇਨ ਦੀ ਹਮਾਇਤ ਕਰਨ ‘ਤੇ ਫ੍ਰੀਲੈਂਡ ਨੇ ਕਈ ਖਿੱਤਿਆਂ ਵਿੱਚ ਆਪਣੀ ਥਾਂ ਬਣਾਈ, ਉਥੇ ਹੀ ਹਾਰਵਰਡ ਤੋਂ ਪੜ੍ਹੀ ਐੱਮਪੀ ਨੂੰ ਇਸ ਮੁੱਦੇ ‘ਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਥੋਂ ਤੱਕ ਕਿ ਟਰੰਪ ਨੇ ਉਨ੍ਹਾਂ ਨੂੰ ‘ਜ਼ਹਿਰ ਫੈਲਾਉਣ ਵਾਲਾ ਵਿਅਕਤੀ’ ਤੱਕ ਕਹਿ ਦਿੱਤਾ।
ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇਸਵੀਰ
ਟਰੂਡੋ ਨੇ ਖੁਦ ਮੰਨਿਆ ਸੀ ਕਿ ਉਹ ਲੰਬੇ ਸਮੇਂ ਤੋਂ ਮਾਰਕ ਕਾਰਨੇ ਨੂੰ ਆਪਣੀ ਟੀਮ ਵਿੱਚ ਵਿੱਤ ਮੰਤਰੀ ਵਜੋਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ ਜੁਲਾਈ 2024 ਵਿੱਚ ਨਾਟੋ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਜਦੋਂ ਕੈਨੇਡਾ ਦੇ ਲੋਕਾਂ ਨੂੰ ਰਾਜਨੀਤੀ ਵਿੱਚ ਅੱਗੇ ਵਧਣ ਲਈ ਚੰਗੇ ਲੋਕਾਂ ਦੀ ਜ਼ਰੂਰਤ ਹੈ ਤਾਂ ਅਜਿਹੇ ਸਮੇਂ ਵਿੱਚ ਉਹ ਸਰਵੋਤਮ ਯੋਗਦਾਨ ਹੋਣਗੇ।”
ਹਾਲ ਦੇ ਮਹੀਨਿਆਂ ਵਿੱਚ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿੱਚ ਕੰਮ ਕਰ ਰਹੇ 59 ਸਾਲਾ ਕਾਰਨੇ ਨੂੰ ਲੰਬੇ ਸਮੇਂ ਤੋਂ ਸਿਖਰਲੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਹਾਰਵਰਡ ਤੋਂ ਪੜ੍ਹੇ ਕਾਰਨੇ ਨੇ ਕਦੇ ਵੀ ਕੋਈ ਜਨਤਕ ਅਹੁਦਾ ਨਹੀਂ ਸੰਭਾਲਿਆ ਹੈ ਪਰ ਉਨ੍ਹਾਂ ਦਾ ਇੱਕ ਮਜ਼ਬੂਤ ਆਰਥਿਕ ਪਿਛੋਕੜ ਹੈ। ਉਹ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੋਵਾਂ ਦੇ ਸਿਖਰਲੇ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਹਨ।
ਕਾਰਨੇ ਕੁਝ ਲਿਬਰਲ ਨੀਤੀਆਂ ਦੇ ਸਮਰਥਕ ਹਨ, ਜਿਨ੍ਹਾਂ ਨੂੰ ਦੇਸ਼ ਦੇ ਰੂੜੀਵਾਦੀ ਹਲਕਿਆਂ ਵਿੱਚ ਨਾਪਸੰਦ ਕੀਤਾ ਗਿਆ, ਜਿਵੇਂ ਸੰਘੀ ਕਾਰਬਨ ਕਰ ਨੀਤੀ, ਪਾਰਟੀ ਦੀ ਜਲਵਾਯੂ ਨੀਤੀ, ਜਿਸ ਦੇ ਬਾਰੇ ਆਲੋਚਕਾਂ ਦਾ ਤਰਕ ਹੈ ਕਿ ਇਹ ਕੈਨੇਡਾ ਦੇ ਲੋਕਾਂ ਉਪਰ ਇੱਕ ਵਿੱਤੀ ਬੋਝ ਹੈ।
ਉਹ ਪਹਿਲਾਂ ਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਦੀ ਆਲੋਚਨਾ ਕਰ ਚੁੱਕੇ ਹਨ ਕਿ ਦੇਸ਼ ਦੇ ਭਵਿੱਖ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ “ਬਿਨਾਂ ਯੋਜਨਾ” ਦੇ ਅਤੇ “ਸਿਰਫ਼ ਨਾਅਰੇ” ਹਨ।
ਉਨ੍ਹਾਂ ਕਿਹਾ, “ਮੈਂ ਗੱਲਬਾਤ ਵਿੱਚ ਵੀ ਉਹ ਵਿਅਕਤੀ ਹਾਂ ਜੋ ਅਸਲ ਵਿੱਚ ਕਾਰੋਬਾਰ ਵਿੱਚ ਰਿਹਾ ਹੈ, ਜੋ ਅਸਲ ‘ਚ ਕਾਰੋਬਾਰ ਵਿੱਚ ਹੈ ਅਤੇ ਫ਼ੈਸਲੇ ਲੈਂਦਾ ਹੈ।”
ਸੰਸਦ ਮੈਂਬਰ – ਜੇਮੀ ਬੈਟਿਸਟ
ਨੋਵਾ ਸਕੋਸ਼ੀਆ ਦੇ ਐਟਲਾਂਟਿਕ ਪ੍ਰਾਂਤ ਤੋਂ ਮਿਕਮਾਵ ਸੰਸਦ ਮੈਂਬਰ ਜੈਮ ਬੈਟਿਸਟ, ਪਹਿਲੀ ਵਾਰ 2019 ਵਿੱਚ ਚੁਣੇ ਗਏ ਸਨ।
ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਸਵਦੇਸ਼ੀ ਨੇਤਾਵਾਂ ਅਤੇ ਹੋਰਾਂ ਤੋਂ “ਜ਼ੋਰਦਾਰ ਸਮਰਥਨ” ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਚੋਣਾਵੀਂ ਦੌੜ ਬਾਰੇ ਸੋਚਣਾ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਉਹ ਦੇਸ਼ ‘ਚ “ਮਨੁੱਖੀ ਅਧਿਕਾਰਾਂ, ਮੇਲ-ਮਿਲਾਪ ਅਤੇ ਵਾਤਾਵਰਣ ਸਥਿਰਤਾ ਦੀ ਰੱਖਿਆ ਨੂੰ ਤਰਜੀਹ ਦਿੰਦੇ ਹਨ।”
ਲਿਬਰਲ ਹਾਊਸ ਦੇ ਲੀਡਰ- ਕਰੀਨਾ ਗੋਲਡ
ਕਰੀਨਾ ਗੋਲਡ, ਸਾਬਕਾ ਵਪਾਰ ਅਤੇ ਨਿਵੇਸ਼ ਮਾਹਰ ਹਨ। ਉਹ ਵੀ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਉੱਤਰ ਆਏ ਹਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਚੁਣਿਆ ਗਿਆ ਤਾਂ ਉਹ “ਨਵੀਂ ਪੀੜ੍ਹੀ” ਦੀ ਨੁਮਾਇੰਦਗੀ ਕਰਨਗੇ।
ਉਹ ਪਹਿਲੀ ਵਾਰ 2015 ਵਿੱਚ ਚੋਣਾਂ ਜਿੱਤੇ ਸਨ ਅਤੇ ਉਨ੍ਹਾਂ ਨੇ ਟਰੂਡੋ ਦੇ ਮੰਤਰੀ ਮੰਡਲ ਵਿੱਚ ਕਈ ਭੂਮਿਕਾਵਾਂ ਨਿਭਾਈਆਂ ਹਨ। ਇਸ ਦੇ ਨਾਲ ਹੀ ਉਹ ਕੈਨੇਡਾ ਵਿੱਚ ਮੰਤਰੀ ਵਜੋਂ ਸੇਵਾ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਹਨ।
37 ਸਾਲਾ ਕਰੀਨਾ ਹਾਊਸ ਲੀਡਰ ਵਜੋਂ ਆਪਣੀ ਮੌਜੂਦਾ ਭੂਮਿਕਾ ਸੰਭਾਲਣ ਤੋਂ ਪਹਿਲਾਂ ਪਰਿਵਾਰ ਮੰਤਰੀ, ਅੰਤਰਰਾਸ਼ਟਰੀ ਵਿਕਾਸ ਮੰਤਰੀ ਅਤੇ ਬਾਅਦ ਵਿੱਚ ਡੈਮੋਕ੍ਰੇਟਿਕ ਸੰਸਥਾਵਾਂ ਦੇ ਮੰਤਰੀ ਰਹੇ ਹਨ।
ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਹੀ ਉਨ੍ਹਾਂ ਕਿਹਾ ਕਿ “ਕੈਨੇਡੀਅਨਾਂ ਨੇ ਸਾਡੀ ਪਾਰਟੀ ਵਿੱਚ ਵਿਸ਼ਵਾਸ ਗੁਆ ਦਿੱਤਾ ਹੈ।”
ਸੰਸਦ ਮੈਂਬਰ – ਚੰਦਰਾ ਆਰਿਆ
ਸੰਸਦ ਦੇ ਬੈਕਬੈਂਚ ਮੈਂਬਰ ਰਸਮੀ ਤੌਰ ‘ਤੇ ਦੌੜ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਹਨ।
ਇੱਕ ਬਿਆਨ ਵਿੱਚ, ਆਰਿਆ ਨੇ ਕਿਹਾ ਕਿ ਉਹ “ਸਾਡੇ ਦੇਸ਼ ਦੇ ਪੁਨਰ ਨਿਰਮਾਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਲਈ ਇੱਕ ਛੋਟੀ, ਵਧੇਰੇ ਕੁਸ਼ਲ ਸਰਕਾਰ ਦੀ ਅਗਵਾਈ ਕਰਨ” ਲਈ ਚੋਣ ਲੜ ਰਹੇ ਹਨ।
ਉਹ ਇੱਕ ਇੰਜੀਨੀਅਰ ਅਤੇ ਸਾਬਕਾ ਕਾਰੋਬਾਰੀ ਹਨ ਜੋ ਕਿ ਪਹਿਲੀ ਵਾਰ 2015 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ।
ਆਰਿਆ 20 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਇੱਕ ਪ੍ਰਵਾਸੀ ਹਨ।
ਆਰਿਆ ਨੇ ਕਿਹਾ ਹੈ ਕਿ ਉਹ ਕੈਨੇਡਾ ਦੇ ਰਾਜਸ਼ਾਹੀ ਨਾਲ ਸਬੰਧ ਤੋੜਨ ਦਾ ਸਮਰਥਨ ਕਰਦੇ ਹਨ।
ਕੈਨੇਡਾ ਵਿੱਚ, ਰਾਜਾ – ਕਿੰਗ ਚਾਰਲਸ ਰਾਜ ਦੇ ਮੁਖੀ ਹਨ, ਹਾਲਾਂਕਿ ਇਹ ਭੂਮਿਕਾ ਮੁੱਖ ਤੌਰ ‘ਤੇ ਪ੍ਰਤੀਕਾਤਮਕ ਹੈ।
ਉਨ੍ਹਾਂ ਨੂੰ ਫ੍ਰੈਂਚ ਨਾ ਬੋਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ ਅਧਿਕਾਰਤ ਤੌਰ ‘ਤੇ ਦੁਭਾਸ਼ੀ ਦੇਸ਼ ਵਿੱਚ ਉੱਚ-ਪੱਧਰੀ ਅਹੁਦਿਆਂ ਦੀ ਮੰਗ ਕਰਨ ਵਾਲੇ ਸਿਆਸਤਦਾਨਾਂ ਲਈ ਇਹ ਇੱਕ ਜ਼ਰੂਰੀ ਗੱਲ ਹੈ।
ਕਾਰੋਬਾਰੀ – ਫ੍ਰੈਂਕ ਬੇਲਿਸ
ਫ੍ਰੈਂਕ ਬੇਲਿਸ, ਇੱਕ ਸਾਬਕਾ ਲਿਬਰਲ ਸੰਸਦ ਮੈਂਬਰ ਹਨ। ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਐਲਾਨ ਕੀਤਾ ਕਿ ਉਹ ਪਾਰਟੀ ਦੀ ਅਗਵਾਈ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਾਰੋਬਾਰ ਦੀ ਦੁਨੀਆਂ ਦਾ ਚੰਗਾ ਤਜਰਬਾ ਹੈ ਇਸ ਦੀ ਮਦਦ ਨਾਲ ਉਹ ਕੈਨੇਡੀਅਨਾਂ ਨੂੰ ਦਰਪੇਸ਼ ਕਿਫਾਇਤੀ ਅਤੇ ਰਹਿਣ-ਸਹਿਣ ਦੀਆਂ ਮਹਿੰਗੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਬੇਲਿਸ 2015-2019 ਤੱਕ ਸੰਸਦ ਵਿੱਚ ਰਹੇ ਹਨ।
************