ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਲੜਾਈ ਜਿੱਤਣ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਾਂਗਰਸ ਆਗੂ ਚੌਧਰੀ ਬੀਰੇਂਦਰ ਸਿੰਘ ਨੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਬਾਰੇ ਅਤੇ ਵਿਨੇਸ਼ ਫੋਗਾਟ ਨੂੰ ਲੈ ਕੇ ਬਿਆਨ ਦਿੱਤਾ ਹੈ।
‘ਆਪ’ ਨਾਲ ਗਠਜੋੜ ‘ਤੇ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਦੇ ਵੱਸ ਦੀ ਗੱਲ ਨਹੀਂ ਹੈ। ਇੰਡੀਆ ਅਲਾਇੰਸ ਦੇ ਤਹਿਤ ਲੋਕ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਗਠਜੋੜ ਦੇ ਕੁਝ ਭਾਈਵਾਲ ਚਾਹੁੰਦੇ ਹਨ ਕਿਹਰਿਆਣਾ ਵਿਚ ਵੀ ਉਨ੍ਹਾਂ ਨੂੰ ਹਿੱਸੇਦਾਰੀ ਮਿਲਣੀ ਚਾਹੀਦੀ ਹੈ, ਇਹ ਉਨ੍ਹਾਂ ਦੀ ਰਾਏ ਹੈ। ਬਾਕੀ ਪਾਰਟੀ ਅਤੇ ਕੇਂਦਰੀ ਹਾਈਕਮਾਂਡ ਫ਼ੈਸਲਾ ਕਰੇਗੀ। ਮੇਰਾ ਆਪਣਾ ਵਿਸ਼ਵਾਸ ਹੈ ਕਿ ਇਹ ਵਿਚਾਰ ਅਧੀਨ ਹੋਣਾ ਚਾਹੀਦਾ ਹੈ।
ਵਿਨੇਸ਼ ਬਾਰੇ ਕਹੀ ਇਹ ਗੱਲ
ਇਸ ਤੋਂ ਇਲਾਵਾ ਉਨ੍ਹਾਂ ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀਆਂ ਖ਼ਬਰਾਂ ‘ਤੇ ਵੀ ਬਿਆਨ ਦਿੱਤਾ ਹੈ। ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਜੇਕਰ ਉਹ ਚੋਣ ਲੜਨਾ ਚਾਹੁੰਦੇ ਹਨ ਤਾਂ ਵੱਖਰੀ ਗੱਲ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਗੱਲ ਹੋਈ ਹੈ ਕਿ ਵਿਨੇਸ਼ ਫੋਗਾਟ ਨੇ ਕਿਹਾ ਹੈ ਕਿ ਉਹ ਚੋਣ ਲੜਨਾ ਚਾਹੁੰਦੇ ਹਨ। ਸਾਡੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।